Sikh family killed in USA: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੀਰਵਾਰ ਨੂੰ ਅਮਰੀਕਾ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕੇਂਦਰੀ ਮੰਤਰੀ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਸਬੰਧਤ ਅਮਰੀਕੀ ਅਧਿਕਾਰੀਆਂ ਕੋਲ ਉਠਾਉਣ।
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ, "ਅੱਠ ਮਹੀਨਿਆਂ ਦੀ ਆਰੋਹੀ, ਉਸ ਦੇ ਮਾਤਾ-ਪਿਤਾ ਅਤੇ ਚਾਚਾ ਅਮਨਦੀਪ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਦੁਨੀਆ ਭਰ ਦੇ ਪੰਜਾਬੀਆਂ ਲਈ ਸਦਮੇ ਅਤੇ ਚਿੰਤਾ ਦਾ ਵਿਸ਼ਾ ਹੈ। ਮੈਂ ਐੱਸ. ਜੈਸ਼ੰਕਰ ਨੂੰ ਅਪੀਲ ਕਰਦਾ ਹਾਂ ਕਿ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਅਮਰੀਕਾ ਦੇ ਪ੍ਰਸ਼ਾਸਕ ਕੋਲ ਉਠਾਉਣ। ਮੈਂ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।
ਮ੍ਰਿਤਕਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਤਾਇਆ ਅਮਨਦੀਪ ਸਿੰਘ (39) ਵਜੋਂ ਹੋਈ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਸੋਮਵਾਰ ਨੂੰ ਮਰਸਡ ਕਾਊਂਟੀ ਵਿੱਚ ਅਗਵਾ ਕਰ ਲਿਆ ਗਿਆ ਸੀ। ਪੀੜਤ ਪਰਿਵਾਰ ਦਾ ਅਮਰੀਕਾ ਵਿੱਚ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਹੈ।
ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ‘ਚ 3 ਅਕਤੂਬਰ ਨੂੰ 8 ਮਹੀਨੇ ਦੇ ਬੱਚੇ ਸਮੇਤ ਇੱਕ ਪੰਜਾਬੀ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਹੁਣ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ,ਜਿਸ ਤੋਂ ਬਾਅਦ ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਹੈ। ਇਸ ਮਾਮਲੇ ਵਿੱਚ ਕੈਲੀਫੋਰਨੀਆ ਪੁਲਿਸ ਨੇ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ।