ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਸ਼ੁਰੂ ਹੋ ਗਿਆ ਹੈ ਪਰ ਹਾਲ ਹੀ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਰਵਾਨਾ ਹੋਏ ਜਥੇ ਵਿੱਚੋਂ ਇੱਕ ਭਾਰਤੀ ਸਿੱਖ ਲੜਕੀ ਲਾਪਤਾ ਹੋ ਗਈ ਸੀ। ਲੜਕੀ ਤਿੰਨ ਦਿਨਾਂ ਤਕ ਪਾਕਿਸਤਾਨ ਵਿੱਚ ਗਾਇਬ ਰਹੀ ਤੇ ਸੋਮਵਾਰ ਨੂੰ ਉਸ ਦਾ ਪਤਾ ਲੱਗ ਗਿਆ।


ਹੁਣ ਇਸ ਮੁੱਦੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਲੜਕੀ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਸੀ। ਇਹ ਲੜਕੀ ਹਰਿਆਣਾ ਦੀ ਰਹਿਣ ਵਾਲੀ ਹੈ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇ ਬਹਾਨੇ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਸੀ।


ਹਰਿਆਣਾ ਵਾਸੀ ਸਿੱਖ ਲੜਕੀ ਫਿਲਹਾਲ ਪਾਕਿਸਤਾਨੀ ਫੌਜ ਦੇ ਰੇਂਜਰਾਂ ਦੀ ਸੁਰੱਖਿਆ ਵਿੱਚ ਹੈ। ਖ਼ਬਰ ਮਿਲੀ ਹੈ ਕਿ ਪਾਕਿ ਫੌਜ ਨੇ ਇਸ ਸਬੰਧੀ ਲਾਹੌਰ ਤੇ ਫੈਸਲਾਬਾਦ ਦੇ ਚਾਰ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਭਾਰਤੀ ਸਿੱਖ ਲੜਕੀ 2-3 ਦਿਨਾਂ ਤਕ ਪਾਕਿਸਤਾਨ ਦੇ 4 ਲੜਕਿਆਂ ਨਾਲ ਕੀ ਕਰ ਰਹੀ ਸੀ?


ਹੁਣ ਸਿਰਸਾ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਪਾਕਿਸਤਾਨ ਵਿੱਚ ਲਾਪਤਾ ਹੋਈ ਲੜਕੀ ਸੋਸ਼ਲ ਮੀਡੀਆ ਉੱਤੇ ਹੋਈ ਦੋਸਤੀ ਦੇ ਚੱਲਦੇ ਕਿਸੇ ਪਾਕਿਸਤਾਨੀ ਲੜਕੇ ਨੂੰ ਮਿਲਣ ਗਈ ਸੀ ਤੇ ਪਾਕਿਸਤਾਨ ਜਾਣ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਬਹਾਨਾ ਬਣਾਇਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਹਨੀਟਰੈਪ ਦਾ ਖ਼ਦਸ਼ਾ ਜਤਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਾਡੇ ਦੇਸ਼ ਦੀਆਂ ਬੱਚੀਆਂ ਨੂੰ ਬਹਿਲਾਇਆ-ਫੁਸਲਾਇਆ ਜਾ ਰਿਹਾ ਹੈ। ਇਹ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਜਿਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।