ਸੰਗਰੂਰ: ਭਵਾਨੀਗੜ ਨਜਦੀਕ ਪਿੰਡ ਜੋਲੀਆ ‘ਚ ਬੀਤੇ ਕੱਲ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਗਨ ਭੇਂਟ ਹੋ ਗਏ ਸਨ।ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਉਸੇਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿੱਚ ਪੂਰੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਅਤੇ ਪਿੰਡ ਦੇ ਲੋਕਾਂ ਨੇ ਮੀਟਿੰਗ ਰੱਖੀ ਸੀ ਜਿਸ ਵਿੱਚ ਅਹਿਮ ਫੈਸਲਾ ਲਿਆ ਗਿਆ।
ਮੀਟਿੰਗ ਦੌਰਾਨ ਜਥੇਬੰਦੀਆਂ ਨੇ 5 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ।ਜਿਸ ਵਿੱਚ 3 ਮੈਂਬਰ ਵੱਖ - ਵੱਖ ਸਿੱਖ ਜਥੇਬੰਦੀਆਂ ਦੇ ਆਗੁ ਹੋਣਗੇ ਅਤੇ ਬਾਕੀ ਦੇ 2 ਜੋਲੀਆ ਪਿੰਡ ਦੇ ਸਰਪੰਚ ਅਤੇ ਸਾਬਕਾ ਸਰਪੰਚ ਹੋਣਗੇ।ਇਹ 5 ਮੈਂਬਰੀ ਕਮੇਟੀ ਪੁਲਿਸ ਦੀ ਹਰ ਕਾਰਗੁਜਾਰੀ ਵਿੱਚ ਮੌਜੂਦ ਰਹੇਗੀ, ਪੁਲਿਸ ਜੋ ਵੀ ਮੁਲਜ਼ਮ ਔਰਤ ਤੋਂ ਪੁੱਛਗਿਛ ਕਰੇਗੀ ਉਹ ਇਸ 5 ਮੈਂਬਰੀ ਕਮੇਟੀ ਦੀ ਹਾਜ਼ਰੀ ਵਿੱਚ ਕਰੇਗੀ।
ਇਸਦੇ ਇਲਾਵਾ ਮੁਲਜ਼ਮ ਔਰਤ ਗੁਰਮੇਲ ਕੌਰ ‘ਤੇ ਕਾਰਵਾਈ ਦੇ ਚਲਦੇ 295 , 295A ਅਤੇ 436 ਦੀ ਧਾਰਾ ਲੱਗ ਚੁੱਕੀ ਹੈ ਅਤੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਤਹਿਤ ਜੋਲੀਆ ਪਿੰਡ ਦੇ ਗੁਰਦੁਆਰੇ ਵਿੱਚ 2 ਜੁਲਾਈ ਨੂੰ ਸਿੱਖ ਜਥੇਬੰਦੀਆਂ ਦੇ ਨਾਲ ਪਛਤਾਵਾ ਅਖੰਡ ਪਾਠ ਕਰਵਾਇਆ ਜਾਵੇਗਾ ਅਤੇ 4 ਜੁਲਾਈ ਨੂੰ ਭੋਗ ਪਾਇਆ ਜਾਵੇਗਾ।
ਮੀਡਿਆ ਨਾਲ ਸਿੱਖ ਸੇਵਾਦਾਰਾਂ ਨੇ ਗੱਲ ਕਰਦੇ ਹੋਏ ਕਿਹਾ ਕਿ ਜੋ ਇਹ ਗੁਰਦੁਆਰਾ ਸਾਹਿਬ ਵਿੱਚ ਘਟਨਾ ਹੋਈ ਹੈ। ਇਹ ਬਹੁਤ ਜ਼ਿਆਦਾ ਮੰਦਭਾਗੀ ਹੈ ਅਤੇ ਅੱਜ ਸਾਰੇ ਸਿੱਖ ਜੱਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਮਿਲਕੇ ਇਹ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਜੌਲੀਆਂ ਵਿਖੇ ਕੱਲ੍ਹ ਸਵੇਰੇ ਇੱਕ ਔਰਤ ਵੱਲੋਂ ਗੁਰੂ ਘਰ ਅੰਦਰ ਦਰਬਾਰ ਸਾਹਿਬ ਨੂੰ ਅੱਗ ਲਗਾ ਦਿੱਤੀ ਗਈ ਸੀ।ਜਿਸ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ ਅਤੇ ਹੋਰ ਸਮਾਨ ਵੀ ਸੜ੍ਹ ਕੇ ਸੁਆਹ ਹੋ ਗਿਆ।
ਇਸ ਘਟਨਾ ਦੇ ਵਿਰੋਧ 'ਚ ਜਾਂਚ ਦੀ ਮੰਗ ਕਰਦੇ ਹੋਏ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਭਵਾਨੀਗੜ੍ਹ ‘ਚ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ ਨੂੰ ਕੱਲ੍ਹ ਜਾਮ ਕਰ ਦਿੱਤਾ ਸੀ।
ਉਧਰ ਅੱਗ ਲੱਗਣ ਮਗਰੋਂ ਪਿੰਡ ਦੇ ਨੌਜਵਾਨਾਂ ਨੇ ਅੱਗ ਤੇ ਕਾਬੂ ਪਾਇਆ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਅੱਗ ਲਗਾਉਣ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਪਿੰਡ ਦੇ ਲੋਕਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਹੈ।ਪੰਥਕ ਆਗੂਆਂ ਨੇ ਕਿਹਾ ਕਿ ਜੋ ਸਰੂਪ ਅਗਨ ਭੇਂਟ ਹੋਏ ਹਨ ਉਹ ਵਾਪਸ ਲਿਆਂਦੇ ਜਾਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ