Punjab News: ਪਟਿਆਲਾ 'ਚ ਹਿੰਦੂ-ਸਿੱਖਾਂ ਵਿਚਾਲੇ ਹੋਏ ਵਿਵਾਦ 'ਤੇ ਵਿਚਾਰ ਕਰਨ ਲਈ ਸ਼ੁੱਕਰਵਾਰ ਨੂੰ ਸਿੱਖ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾਇਆ ਗਿਆ ਹੈ। ਅੱਜ ਬਾਅਦ ਦੁਪਹਿਰ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਇਸ ਇਕੱਠ ਦਾ ਹਿੱਸਾ ਬਣਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਰਹੀਆਂ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਵਿਚਾਰ ਰੱਖਣਗੇ ਤੇ ਕੌਮ ਨੂੰ ਆਪਣਾ ਸੰਦੇਸ਼ ਵੀ ਦੇਣਗੇ।



ਜ਼ਿਕਰਯੋਗ ਹੈ ਕਿ ਪਟਿਆਲਾ ਹਿੰਸਾ ਤੋਂ ਬਾਅਦ ਪੰਜਾਬ 'ਚ ਸਿੱਖ ਤੇ ਹਿੰਦੂ ਸੰਗਠਨਾਂ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਨੂੰ ਮਿਲਣ ਲਈ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਪਹੁੰਚਿਆ ਸੀ। ਜਥੇਦਾਰ ਕਰਨੈਲ ਸਿੰਘ ਦੀ ਅਗਵਾਈ ਹੇਠ ਵਫ਼ਦ ਐਸਐਸਪੀ ਪਟਿਆਲਾ ਦੀਪਕ ਪਾਰਿਖ ਨੂੰ ਵੀ ਮਿਲਿਆ ਸੀ, ਜਿਨ੍ਹਾਂ ਨੇ ਬਰਜਿੰਦਰ ਸਿੰਘ ਪਰਵਾਨਾ ਨੂੰ ਮੁੱਖ ਦੋਸ਼ੀ ਕਰਾਰ ਦੇਣ ਦੀ ਨਿਖੇਧੀ ਕਰਦਿਆਂ ਸਿੱਖਾਂ ’ਤੇ ਦਰਜ ਕੀਤੇ ਪਰਚੇ ’ਤੇ ਮੁੜ ਵਿਚਾਰ ਕਰਨ ਦੀ ਮੰਗ ਵੀ ਕੀਤੀ ਸੀ।

ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11 ਮਈ ਨੂੰ ਪੰਥਕ ਇਕੱਠ ਵੀ ਬੁਲਾਇਆ ਗਿਆ ਹੈ ਜਿਸ ਵਿੱਚ ਉਹ ਜੇਲ੍ਹਾਂ ਵਿੱਚ ਬੰਦ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਰਣਨੀਤੀ ਬਣਾਉਣ ਬਾਰੇ ਵਿਚਾਰ ਕਰਨਗੇ। ਇਹ ਮੀਟਿੰਗ 11 ਮਈ ਨੂੰ ਤੇਜਾ ਸਿੰਘ ਮਰੀਨ ਹਾਲ ਵਿਖੇ ਬੁਲਾਈ ਗਈ ਹੈ।

ਯਾਦ ਰਹੇ ਇਸ ਤੋਂ ਪਹਿਲਾਂ 3 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮੀਟਿੰਗ ਸੱਦੀ ਗਈ ਸੀ। ਇਹ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਨਾਲ ਛੇੜਛਾੜ ਸਬੰਧੀ ਸੀ। ਇਸ ਦੌਰਾਨ ਪੰਥਕ ਇਕੱਠ ਨੇ ਅਮਰੀਕਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਨ ਲਾਈਨ ਪ੍ਰਕਾਸ਼ ਕਰਨ ਵਾਲੇ ਥਮਿੰਦਰ ਸਿੰਘ ਆਨੰਦ ਨੂੰ ਮੁਆਫ਼ੀ ਮੰਗਣ ਤੇ ਅਜਿਹਾ ਕਰਨ ਪਿੱਛੇ ਮਨਸ਼ਾ ਦੱਸਣ ਲਈ ਕਿਹਾ ਸੀ। ਇੰਨਾ ਹੀ ਨਹੀਂ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਥਮਿੰਦਰ ਸਿੰਘ ਆਨੰਦ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ।