Amritsar News: ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਅਟਾਰੀ-ਵਾਹਗਾ ਸਰਹੱਦ 'ਤੇ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਦੇ ਜੈਕਾਰੇ ਲਾ ਕੇ ਆਪਣੀ ਯਾਤਰਾ ਸ਼ੁਰੂ ਕੀਤੀ।

Continues below advertisement

ਜਾਣਕਾਰੀ ਅਨੁਸਾਰ, ਕੁੱਲ 561 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 541 ਸ਼ਰਧਾਲੂਆਂ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ੇ ਜਾਰੀ ਕੀਤੇ ਗਏ ਸਨ। ਹਾਲਾਂਕਿ, 20 ਸ਼ਰਧਾਲੂਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ।

Continues below advertisement

18 ਜੂਨ ਨੂੰ ਪਾਕਿਸਤਾਨ ਵਿੱਚ ਮਨਾਇਆ ਜਾਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨਾਲ ਸਬੰਧਤ ਵੱਡੇ ਧਾਰਮਿਕ ਇਕੱਠ 18 ਜੂਨ ਨੂੰ ਪਾਕਿਸਤਾਨ ਵਿੱਚ ਹੋਣਗੇ। ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਜਥਾ ਇਨ੍ਹਾਂ ਇਕੱਠਾਂ ਵਿੱਚ ਹਿੱਸਾ ਲਵੇਗਾ ਅਤੇ 19 ਜੂਨ ਨੂੰ ਭਾਰਤ ਵਾਪਸ ਆਵੇਗਾ।

ਇਸ ਜਥੇ ਦੀ ਅਗਵਾਈ ਐਸਜੀਪੀਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਕਰ ਰਹੇ ਹਨ, ਜਿਸ ਦੇ ਨਾਲ ਗੁਰਮੀਤ ਸਿੰਘ ਬਾਹੂ ਨੂੰ ਉਪ-ਨੇਤਾ ਨਿਯੁਕਤ ਕੀਤਾ ਗਿਆ ਹੈ। ਯਾਤਰਾ ਦੌਰਾਨ, ਸ਼ਰਧਾਲੂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਕਈ ਇਤਿਹਾਸਕ ਗੁਰਧਾਮਾਂ ਵਿੱਚ ਮੱਥਾ ਟੇਕਣਗੇ ਅਤੇ ਧਾਰਮਿਕ ਇਕੱਠਾਂ ਵਿੱਚ ਹਿੱਸਾ ਲੈਣਗੇ।

ਸ਼ਰਧਾਲੂਆਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਕਿਹਾ ਕਿ ਇਨ੍ਹਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਾ ਉਨ੍ਹਾਂ ਦਾ ਸੁਪਨਾ ਸੀ ਅਤੇ ਹੁਣ ਇਹ ਸੁਪਨਾ ਪੂਰਾ ਹੋਣ ਵਾਲਾ ਹੈ। ਮੋਗਾ ਦੇ ਇੱਕ ਸ਼ਰਧਾਲੂ ਮੇਜਰ ਸਿੰਘ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਯਾਤਰਾ 'ਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਹੁਤ ਉਤਸ਼ਾਹਿਤ ਹੈ। ਪ੍ਰਸਿੱਧ ਲੇਖਕ ਅਤੇ ਸਮਾਜ ਸੇਵਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਿਹਾ ਕਿ ਉਹ ਸਾਲਾਂ ਤੋਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਲਈ ਅਰਦਾਸ ਕਰ ਰਹੇ ਸਨ ਅਤੇ ਅੱਜ ਇਹ ਸੁਭਾਗਾ ਸਮਾਂ ਆ ਹੀ ਗਿਆ ਹੈ।