Amritsar News: ਪੰਥ ਸੇਵਕ ਜੁਝਾਰੂ ਜਥੇਬੰਦੀ ਦੇ ਆਗੂਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਇੱਕ ਮਿੱਥੇ ਪ੍ਰੋਗਰਾਮ ਤਹਿਤ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿੱਖ ਲੀਡਰਾਂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਵੀ ਇਸ ਪੰਜਾਬ ਤੇ ਸਿੱਖ ਵਿਰੋਧੀ ਵਿਉਂਤਬੰਦੀ ਵਿੱਚ ਮੋਹਰੇ ਦੀ ਭੂਮਿਕਾ ਨਿਭਾਅ ਰਹੀ ਹੈ।
ਪੰਜਾਬ ਭਰ ਵਿੱਚ ਬੀਤੇ ਦਿਨ ਤੋਂ ਹੋ ਰਹੀਆਂ ਗ੍ਰਿਫਤਾਰੀਆਂ ਤੇ ਛਾਪਿਆਂ ਬਾਰੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਸੁਖਦੇਵ ਸਿੰਘ ਡੋਡ ਨੇ ਮੀਡੀਆ ਨੂੰ ਜਾਰੀ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਇਹ ਸਾਰੀ ਕਾਰਵਾਈ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰਕੇ ਨਿਖੇੜਨ ਤੇ ਨਿਸ਼ਾਨੇ ਉੱਤੇ ਲਿਆਉਣ ਦੀ ਸਾਜ਼ਿਸ਼ ਹੈ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਕੀਤੀ ਮਨੁੱਖਤਾ ਦੀ ਸੇਵਾ ਤੇ ਕਿਸਾਨੀ ਸਾਂਝੇ ਸੰਘਰਸ਼ ਵਿੱਚ ਨਿਭਾਈ ਮੂਹਰੀ ਭੂਮਿਕਾ ਕਾਰਨ ਉਪ-ਮਹਾਂਦੀਪ ਤੇ ਆਲਮੀ ਪੱਧਰ ਉੱਤੇ ਸਾਖ ਤੇ ਸਮਰੱਥਾ ਸਾਹਮਣੇ ਆਈ ਸੀ ਜਿਸ ਨੂੰ ਹੁਣ ਢਾਹ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਇੰਟਰਨੈਟ ਬੰਦ ਕਰਕੇ ਪੰਜਾਬ ਭਰ ਵਿਚੋਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਹ ਦਰਸਾਉਂਦਾ ਹੈ ਕਿ ਕੇਂਦਰ ਪੰਜਾਬ ਤੇ ਸਿੱਖਾਂ ਵਿਰੁੱਧ ਕੋਈ ਵੱਡੀ ਮੁਹਿੰਮ ਵਿੱਢ ਚੁੱਕਾ ਹੈ।
ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੀ ਇਸ ਪੰਜਾਬ ਤੇ ਸਿੱਖ ਵਿਰੋਧੀ ਵਿਉਂਤਬੰਦੀ ਵਿੱਚ ਮੋਹਰੇ ਦੀ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆ ਦੇ 20 ਵੱਡੇ ਦੇਸ਼ਾਂ ਦੇ ਨੁਮਾਇੰਦੇ ਪੰਜਾਬ ਵਿਚ ਆਏ ਹੋਏ ਹਨ ਤਾਂ ਇਸ ਮੌਕੇ ਅਜਿਹੀ ਕਾਰਵਾਈ ਕਰਨ ਦਾ ਮਤਲਬ ਹੈ ਕਿ ਸਿੱਖਾਂ ਤੇ ਪੰਜਾਬ ਨੂੰ ਕੌਮਾਂਤਰੀ ਪੱਧਰ ਉੱਤੇ ਬਦਨਾਮ ਕੀਤਾ ਜਾਵੇ।