ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਬਾਰੇ ਇਨਸਾਫ ਨਾ ਦੇਣ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਕਸੂਤੀ ਘਿਰ ਗਈ ਹੈ। ਸਿੱਖ ਜਥੇਬੰਦੀਆਂ ਨੇ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਚੌਵੀਂ ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ‘ਆਪ’ ਸਰਕਾਰ ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ। ਦੱਸ ਦਈਏ ਕਿ ਬਹਿਬਲ ਕਲਾਂ ਇਨਸਾਫ਼ ਮੋਰਚੇ ਵਿੱਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਲਈ ਐਤਵਾਰ ਨੂੰ ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਬੇਰੰਗ ਮੁੜਨਾ ਪਿਆ ਸੀ। ਉਨ੍ਹਾਂ ਆਪਣੀਆਂ ਦਲੀਲਾਂ ਨਾਲ ਸੰਗਤ ਦੇ ਰੋਸ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ। ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਿਆਮੀਵਾਲਾ ਤੇ ਸੰਗਤ ਨਾਲ ਮੀਟਿੰਗ ਕਰਨ ਮਗਰੋਂ ਸਵਾਲਾਂ ਤੋਂ ਬਚਦਿਆਂ ਕੈਬਨਿਟ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਖਿਸਕ ਗਏ। ਪਿੰਡ ਬਹਿਬਲ ਕਲਾਂ ਵਿੱਚ ਪਿਛਲੇ ਅੱਠ ਮਹੀਨੇ ਤੋਂ ਮੋਰਚੇ ਦੇ ਆਗੂ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ ਤੇ ਪਿਛਲੀਆਂ ਦੋ ਮੀਟਿੰਗਾਂ ਦੌਰਾਨ ਏਜੀ ਦਫ਼ਤਰ ਦੀ ਟੀਮ ਨੇ ਤਿੰਨ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸਮਾਂ ਪੂਰਾ ਹੋਣ ਮਗਰੋਂ ਵੀ ਸਰਕਾਰ ਕੋਈ ਠੋਸ ਫ਼ੈਸਲਾ ਨਹੀਂ ਲੈ ਸਕੀ। ਇਸ ਮਗਰੋਂ ਹੋਰ ਪੰਦਰਾਂ ਦਿਨ ਦਾ ਸਮਾਂ ਮੰਗਿਆ ਸੀ, ਜੋ ਐਤਵਾਰ ਖਤਮ ਹੋ ਗਿਆ ਹੈ। ਇਨਸਾਫ਼ ਮੋਰਚੇ ਤੇ ਕੈਬਨਿਟ ਮੰਤਰੀ ਵਿਚਾਲੇ ਹੋਈ ਮੀਟਿੰਗ ਦੌਰਾਨ ਬੈਂਸ ਨੇ ਹੋਰ ਛੇ ਮਹੀਨੇ ਦਾ ਸਮਾਂ ਮੰਗਿਆ, ਜਿਸ ਨੂੰ ਮੋਰਚੇ ਦੇ ਆਗੂਆਂ ਨੇ ਰੱਦ ਕਰ ਦਿੱਤਾ। ਸੁਖਰਾਜ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਚੌਵੀਂ ਘੰਟਿਆਂ ਵਿੱਚ ਇਨਸਾਫ਼ ਦਿਵਾਉਣ ਦਾ ਵਾਅਦਾ ਕਰਕੇ ਸੱਤਾ ਵਿੱਚ ‘ਆਪ’ ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲਿਆ ਜਾਵੇਗਾ। ਉਧਰ, ਹਲਕਾ ਵਿਧਾਇਕ ਤੇ ਸਪੀਕਰ ਕੁਲਤਾਰ ਸੰਧਵਾਂ ਨੇ ਆਖਿਆ ਕਿ ਸੂਬਾ ਸਰਕਾਰ ਇਨਸਾਫ਼ ਮੋਰਚੇ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਗੱਲਾਂ ਬਹੁਤ ਹੋ ਚੁੱਕੀਆਂ ਹਨ ਪਰ ਹੁਣ ਕਾਰਵਾਈ ਦੀ ਲੋੜ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਕਾਰਵਾਈ ਲਈ ਛੇ ਮਹੀਨੇ ਦਾ ਸਮਾਂ ਦੇ ਦੇਣਾ ਚਾਹੀਦਾ ਹੈ।
ਚੋਣਾਂ ਤੋਂ ਪਹਿਲਾਂ ਕੀਤਾ 24 ਘੰਟਿਆਂ 'ਚ ਇਨਸਾਫ਼ ਦਾ ਵਾਅਦਾ, ਹੁਣ ਆਪਣੀ ਗੱਲ ’ਤੇ ਪੂਰੀ ਨਹੀਂ ਉੱਤਰ ਰਹੀ ‘ਆਪ’ ਸਰਕਾਰ: ਬਹਿਬਲ ਕਲਾਂ ਇਨਸਾਫ਼ ਮੋਰਚੇ ਨੇ ਬੁਲਾਇਆ 31 ਜੁਲਾਈ ਨੂੰ ਵੱਡਾ ਇਕੱਠ
ਏਬੀਪੀ ਸਾਂਝਾ | shankerd | 25 Jul 2022 09:36 AM (IST)
ਬਹਿਬਲ ਕਲਾਂ ਗੋਲੀ ਕਾਂਡ ਬਾਰੇ ਇਨਸਾਫ ਨਾ ਦੇਣ ਕਰਕੇ AAP ਸਰਕਾਰ ਕਸੂਤੀ ਘਿਰ ਗਈ ਹੈ। ਸਿੱਖ ਜਥੇਬੰਦੀਆਂ ਨੇ ਬਹਿਬਲ ਕਲਾਂ ਵਿੱਚ 31 ਜੁਲਾਈ ਨੂੰ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਦਾ ਸਾਂਝਾ ਇਕੱਠ ਕਰਕੇ ਅਗਲਾ ਫ਼ੈਸਲਾ ਲੈਣ ਦਾ ਐਲਾਨ ਕੀਤਾ ਹੈ
Behbal Kalan