ਸ਼ੇਰ-ਏ-ਪੰਜਾਬ ਦੀ ਬਰਸੀ ਮਨਾਉਣ ਗਏ ਸ਼ਰਧਾਲੂਆਂ ਨੇ ਮਹਿਸੂਸ ਕੀਤੀ ਪਾਕਿਸਤਾਨ ਦੀ ਬੇਰੁਖ਼ੀ
ਏਬੀਪੀ ਸਾਂਝਾ | 30 Jun 2018 04:05 PM (IST)
ਅੰਮ੍ਰਿਤਸਰ: ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ ਸਿੱਖ ਜਥੇ ਨੂੰ ਪਾਕਿ ਸਰਕਾਰ ਦੀ ਬੇਰੁਖ਼ੀ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਗਟਾਵਾ ਪਾਕਿਸਤਾਨ ਦੀ ਯਾਤਰਾ ਤੋਂ ਪਰਤੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨੇ ਕੀਤਾ ਹੈ। ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਲੰਘੀ 21 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਸੀ ਤੇ ਅੱਜ ਯਾਨੀ 30 ਜੂਨ ਨੂੰ ਵਾਪਿਸ ਆਇਆ ਹੈ। ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਪਾਕਿਸਤਾਨ ਵਿੱਚ ਬਰਸੀ ਮਨਾ ਕੇ ਵਿਸ਼ੇਸ਼ ਟ੍ਰੇਨ ਰਾਹੀਂ ਭਾਰਤ ਪਹੁੰਚੇ ਜਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਪਾਕਿ ਸਰਕਾਰ ਵੱਲੋਂ ਭਾਰਤ ਦੇ ਹਾਈ ਕਮਿਸ਼ਨਰ ਨਾਲ ਨਾ ਮਿਲਣ ਦੇਣ ਨੂੰ ਮੰਦਭਾਗਾ ਦੱਸਿਆ। ਜਥੇ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਨਾ ਕਰਨ ਦੇਣਾ ਦੁਖਦਾਈ ਹੈ। ਸਿੱਖ ਸ਼ਰਧਾਲੂ ਨਿਸ਼ਾਨ ਸਿੰਘ ਤੇ ਪਰਮਿੰਦਰ ਸਿੰਘ ਨੇ ਇੱਥੋਂ ਤਕ ਕਿਹਾ ਕਿ ਪਾਕਿਸਤਾਨ ਵਿੱਚ ਰਹਿੰਦਿਆਂ ਹੋਇਆਂ ਉਨ੍ਹਾਂ ਨੂੰ ਕਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਤੇ ਕੈਦ ਕਰਕੇ ਰੱਖਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਬੜੀ ਮੁਸ਼ਕਲ ਨਾਲ ਇੱਕ ਘੰਟੇ ਲਈ ਬਾਹਰ ਜਾਣ ਲਈ ਸਮਾਂ ਮੰਗਿਆ ਤੇ ਉਨ੍ਹਾਂ ਉੱਥੋਂ ਖਰੀਦਦਾਰੀ ਕੀਤੀ। ਜ਼ਿਕਰਯੋਗ ਹੈ ਕਿ ਲੰਘੀ ਵਿਸਾਖੀ ਨੂੰ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਦੇ ਪਾਕਿਸਤਾਨ ਗਏ ਜਥੇ ਤੋਂ ਵੱਖ ਹੋ ਕੇ ਮੁਸਲਮਾਨ ਧਰਮ ਅਪਨਾ ਲੈਣ ਤੇ ਨਿਕਾਹ ਕਰ ਆਮਨਾ ਬੀਬੀ ਬਣਨ ਤੋਂ ਬਾਅਦ ਕਾਫੀ ਸਖ਼ਤਾਈ ਕੀਤੀ ਗਈ ਹੈ। ਸਿੱਖ ਜਥੇ ਵਿੱਚ ਹੁਣ ਇਕੱਲੀਆਂ ਔਰਤਾਂ ਦੇ ਜਾਣ 'ਤੇ ਵੀ ਮਨਾਹੀ ਹੈ।