ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ (Sikh TT Jasbir Singh) ਦੇ ਨਾਲ ਕੁੱਝ ਗੁੰਡਿਆਂ ਵੱਲੋਂ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਮਾਰ-ਕੁੱਟ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੁੰਡੇ ਬਿਨਾਂ ਟਿਕਟ ਤੋਂ ਮੁੰਬਈ ਦੀ ਲੋਕਲ ਟਰੇਨ (local train) 'ਚ ਸਫਰ ਕਰ ਰਹੇ ਸੀ। ਜਦੋਂ ਇਨ੍ਹਾਂ ਤੋਂ ਟਿਕਟ ਮੰਗੀ ਗਈ ਤਾਂ ਇਹ ਦਸਤਾਰਧਾਰੀ ਸਿੱਖ ਟੀਟੀ ਨਾਲ ਬਦਸਲੂਕੀ ਕਰਨ ਲੱਗ ਪਏ। ਜਿਸ ਦੇ ਚੱਲਦੇ ਸਿੱਖ ਭਾਈਚਾਰੇ ਵੱਲੋਂ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਇਨ੍ਹਾਂ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਜਲਦ ਲਿਆ ਜਾਵੇ।


 





 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਐਕਸ (ਪਹਿਲਾਂ ਟਵਿੱਟਰ) ਉੱਤੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਲਿਖਿਆ ਅਤੇ ਮਹਾਰਾਸ਼ਟਰ ਸਰਕਾਰ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖਤ ਸਜ਼ਾ ਦੇਣ ਦੀ ਗੱਲ ਆਖੀ ਹੈ । ਉਨ੍ਹਾਂ ਨੇ ਲਿਖਿਆ ਹੈ- ''ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ 'ਤੇ ਮੁੰਬਈ ਦੀ ਲੋਕਲ ਟਰੇਨ 'ਚ ਬਿਨਾਂ ਟਿਕਟ ਸਫਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਮਾਰ ਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਦੀ ਕਰਦਾ ਹਾਂ, ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ।''

 





 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਘਟਨਾ ਉੱਤੇ ਦੁੱਖ ਜਤਾਉਂਦੇ ਹੋਏ ਲਿਖਿਆ ਹੈ- ''ਮੁੰਬਈ ਦੀ ਸਥਾਨਕ ਰੇਲ ਵਿਚ ਬਿਨਾਂ ਟਿਕਟ ਚਰਚਗੇਟ ਤੋਂ ਵਿਹਾਰ ਤੱਕ AC ਡੱਬੇ ਵਿਚ ਸਫ਼ਰ ਕਰਨ ਵਾਲੇ ਅਨਿਕੇਤ ਭੌਂਸਲੇ ਅਤੇ ਉਸਦੇ ਸਾਥੀਆਂ ਨੂੰ ਜ਼ੁਰਮਾਨਾ ਲਗਾਉਣ ’ਤੇ ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਵਿਚ ਸਿੱਖਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਜਾਏ। ਅਜਿਹੀਆਂ ਘਟਨਾਵਾਂ ਘੱਟ ਗਿਣਤੀ ਭਾਈਚਾਰਿਆਂ ਵਿਚ ਅਸੁਰੱਖਿਆ ਦੀ ਭਾਵਨਾ ਹੋਰ ਤੀਬਰ ਕਰਦੀਆਂ ਹਨ।''