ਲੁਧਿਆਣਾ: ਆਮ ਆਦਮੀ ਪਾਰਟੀ ਹਾਈਕਮਾਨ ਵੱਲੋਂ ਨਵੇਂ ਲਾਏ ਵਿਰੋਧੀ ਧਿਰ ਦੇ ਨੇਤਾ ਨੂੰ ਸਿਮਰਜੀਤ ਬੈਂਸ ਨੇ ਪੱਪੂ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਬੈਂਸ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਮਿਲੀ ਰਾਹਤ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕਰਨ ਦਾ ਦਾਅਵਾ ਕੀਤਾ।

ਬੈਂਸ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਹਾਈਕਮਾਨ ਨੂੰ ਪੱਪੂਆਂ ਦੀ ਲੋੜ ਹੈ, ਜੋ ਚੁੱਪ-ਚਾਪ ਉਨ੍ਹਾਂ ਦੇ ਹੁਕਮ ਮੰਨਦੇ ਰਹਿਣ। ਬੈਂਸ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੀ ਦੋਸਤੀ ਕਾਰਨ ਖਹਿਰਾ ਤੋਂ ਅਹੁਦਾ ਖੁੱਸਿਆ ਹੈ।

ਦਰਅਸਲ, ਬੀਤੇ ਕੱਲ੍ਹ ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਕਾਰਨ ਹੀ ਸੁਖਪਾਲ ਖਹਿਰਾ ਦੀ ਕੁਰਸੀ ਗਈ ਹੈ। ਉਨ੍ਹਾਂ ਬੈਂਸ ਨੂੰ ਮੌਕਾਪ੍ਰਸਤ ਵੀ ਕਿਹਾ ਸੀ। ਅੱਜ ਸਿਮਰਜੀਤ ਬੈਂਸ ਨੇ ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ।

ਦੂਜੇ ਪਾਸੇ, ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵਿੱਚ ਅਦਾਲਤ ਵੱਲੋਂ ਬਰੀ ਕਰਕ ਦਿੱਤੇ ਜਾਣ ਦੇ ਫੈਸਲੇ ਨੂੰ ਚੈਲੰਜ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਸੁਪਰੀਮ ਕੋਰਟ ਤਕ ਲੈਕੇ ਜਾਵਾਂਗੇ ਤੇ ਲਾਲੂ ਪ੍ਰਸਾਦ ਵਾਂਗ ਕੈਪਟਨ ਨੂੰ ਜੇਲ੍ਹ ਦੀ ਚੱਕੀ ਪਿਸਵਾਵਾਂਗੇ। ਵਿਧਾਇਕ ਨੇ ਦੋਸ਼ ਲਾਇਆ ਕਿ ਕੈਪਟਨ ਦੀ ਬਾਦਲਾਂ ਨਾਲ ਸੰਧੀ ਹੋਈ ਸੀ, ਇਸੇ ਕਰਕੇ ਉਨ੍ਹਾਂ ਦੇ ਕੇਸ ਖ਼ਤਮ ਹੋ ਰਹੇ ਹਨ। ਬੈਂਸ ਨੇ ਇਮਾਨਦਾਰ ਰਾਜਨੀਤੀ ਕਰਨ ਵਾਲੇ ਆਗੂਆਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ।