ਸਿਮਰਜੀਤ ਬੈਂਸ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਬ੍ਰਹਮ ਮਹਿੰਦਰਾ ਨਸ਼ਾ ਛਡਾਊ ਕੇਂਦਰਾਂ 'ਚ ਆਪਣੀ ਕੰਪਨੀ ਦੀਆਂ ਦਵਾਈਆਂ ਵੇਚ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਸ ਕੋਲ਼ ਬ੍ਰਹਮ ਮਹਿੰਦਰਾ ਖਿਲਾਫ ਪੁਖਤਾ ਸਬੂਤ ਵੀ ਹਨ।
ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਮਰਜੀਤ ਨੇ ਦੱਸਿਆ ਕਿ ਇਸ ਬਾਬਤ ਉਨ੍ਹਾਂ ਰਾਹੁਲ ਗਾਂਧੀ ਤੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਪੱਤਰ ਵੀ ਲਿਖਿਆ ਹੈ। ਪੱਤਰ ਵਿੱਚ ਕਿਹਾ ਹੈ ਕਿ ਇੱਕ ਪਾਸੇ ਕਾਂਗਰਸ ਕੁਰੱਪਸ਼ਨ ਖਤਮ ਕਰਨ ਦੇ ਵੱਡੇ ਦਾਅਵੇ ਕਰ ਰਹੀ ਹੈ ਜਦਕਿ ਉਨ੍ਹਾਂ ਦਾ ਹੀ ਮੰਤਰੀ ਨਸ਼ਾ ਛਡਾਊ ਕੇਂਦਰਾਂ 'ਚ ਆਪਣੀ ਕੰਪਨੀ ਦੀਆਂ ਦਵਾਈਆਂ ਵੇਚ ਕੇ ਉਨ੍ਹਾਂ ਦੇ ਇਹ ਦਾਅਵੇ ਖੋਖਲੇ ਸਾਬਤ ਕਰ ਰਿਹਾ ਹੈ। ਉਨ੍ਹਾਂ ਲਿਖਿਆ ਕਿ ਇਸ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਬੈਂਸ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚੋਂ ਗੈਂਗਸਟਰ ਖਤਮ ਹੋਣ ਦੇ ਦਾਅਵੇ ਕਰ ਰਹੇ ਹਨ ਜਦਕਿ ਕਾਂਗਰਸ ਦੇ ਕੌਂਸਲਰ ਗੁਰਦੀਪ ਸਿੰਘ ਦੀ ਮੌਤ ਤੋਂ ਬਾਅਦ ਕਾਂਗਰਸ ਸਵਾਲਾਂ ਦੇ ਘੇਰੇ 'ਚ ਆ ਗਈ ਹੈ ਕਿਉਂਕਿ ਗੁਰਦੀਪ ਨੂੰ ਮਾਰਨ ਵਾਲੇ ਗੈਂਗਸਟਰਾਂ ਨੇ ਕਿਹਾ ਹੈ ਕਿ ਕੌਂਸਲਰ ਗੁਰਦੀਪ ਵੀ ਗੈਂਗਸਟਰ ਸੀ।