Amritsar News: ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਮੋਦੀ ਸਰਕਾਰ ਨੇ ਪਾਕਿਸਤਾਨ ਨਾਲ ਤਾਂ ਵਪਾਰ ਬੰਦ ਕਰ ਦਿੱਤਾ ਹੈ ਪਰ ਚੀਨ ਵੱਲੋਂ ਭਾਰਤ ਦੇ ਹਜ਼ਾਰਾਂ ਕਿਲੋਮੀਟਰ ਰਕਬੇ ’ਤੇ ਕਬਜ਼ਾ ਕਰ ਲਿਆ ਹੈ ਪਰ ਤਾਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਬੰਦ ਹੋਣ ਨਾਲ ਸਭ ਤੋਂ ਵੱਡਾ ਘਾਟਾ ਪੰਜਾਬ ਨੂੰ ਸਹਿਣਾ ਪੈ ਰਿਹਾ ਹੈ।
ਇਸ ਦੇ ਨਾਲ ਹੀ ਸਿਮਰਨਜੀਤ ਮਾਨ ਨੇ ਕੇਂਦਰ ਸਰਕਾਰ ’ਤੇ ਪੰਜਾਬੀਆਂ ਤੇ ਸਿੱਖਾਂ ਨਾਲ ਧੱਕਾ ਕਰਨ ਦਾ ਦੋਸ਼ ਲਾਇਆ ਹੈ। ਸ਼ਨੀਵਾਰ ਨੂੰ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਨੇ ਇਹ ਆਖ ਕੇ ਪਾਕਿਸਤਾਨ ਨਾਲ ਵਪਾਰ ਬੰਦ ਕੀਤਾ ਹੈ ਕਿ ਪਾਕਿਸਤਾਨ ਅਤਿਵਾਦ ਨੂੰ ਉਤਸ਼ਾਹਤ ਕਰ ਰਿਹਾ ਹੈ ਜਦਕਿ ਚੀਨ ਵੱਲੋਂ ਭਾਰਤ ਦੇ ਹਜ਼ਾਰਾਂ ਕਿਲੋਮੀਟਰ ਰਕਬੇ ’ਤੇ ਕਬਜ਼ਾ ਕਰਨ ਦੇ ਬਾਵਜੂਦ ਉਸ ਨਾਲ ਵਪਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਪਾਰ ਲਈ ਸਰਹੱਦ ਖੋਲ੍ਹਣ ਦੀ ਹਮਾਇਤ ਕੀਤੀ ਹੈ।
ਬੰਦੀ ਸਿੱਖਾਂ ਦੀ ਰਿਹਾਈ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰਾਜੀਵ ਗਾਂਧੀ ਦੇ ਕਤਲ ਲਈ ਜ਼ਿੰਮੇਵਾਰ ਮੁਲਜ਼ਮ ਤੇ ਹੋਰ ਛੱਡ ਦਿੱਤੇ ਗਏ ਹਨ ਪਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। 26 ਜਨਵਰੀ ਨੂੰ ਹੋਰ ਵੀ ਕਈ ਕੈਦੀ ਛੱਡੇ ਜਾ ਰਹੇ ਹਨ ਪਰ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕੇਂਦਰ ਸਰਕਾਰ ਚੁੱਪ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਿਰਧਾਰਤ ਸਮੇਂ ’ਤੇ ਨਹੀਂ ਕਰਵਾਈਆਂ ਜਾ ਰਹੀਆਂ।
ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਦਰਿਆ ਜਿਸ ਸੂਬੇ ’ਚੋਂ ਲੰਘਦੇ ਹਨ, ਪਾਣੀ ’ਤੇ ਹੱਕ ਵੀ ਉਸੇ ਸੂਬੇ ਦਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਲਾਇਸੰਸੀ ਹਥਿਆਰ ਦੇਣ ਦੀ ਯੋਜਨਾ ਬੰਦ ਕਰਨ ਦਾ ਵੀ ਵਿਰੋਧ ਕੀਤਾ।