ਚੰਡੀਗੜ੍ਹ: ਪੰਜਾਬ ਦੀ ਸਿਆਸਤ ਦਾ ਇੱਕ ਅਜਿਹਾ ਮਾਮਲਾ ਹੈ ਜੋ ਨਾ ਪਹਿਲਾਂ ਕਦੀ ਹੋਇਆ ਤੇ ਨਾ ਕਦੀ ਦੁਬਾਰਾ ਹੋਏਗਾ। ਇਹ ਮਾਮਲਾ 1989 ਵਿੱਚ 9ਵੀਆਂ ਲੋਕ ਸਭਾ ਲਈ ਤਰਨ ਤਾਰਨ ਵਿੱਚ ਹੋਈਆਂ ਚੋਣਾਂ ਦਾ ਹੈ। ਪੁਲਿਸ ਅਫ਼ਸਰ ਤੋਂ ਸਿਆਸਤ ਵਿੱਚ ਆਏ ਸਿਮਰਨਜੀਤ ਸਿੰਘ ਮਾਨ ਨਾ ਸਿਰਫ ਖ਼ੁਦ ਰਿਕਾਰਡ ਵੋਟਾਂ ਨਾਲ ਜਿੱਤੇ ਬਲਕਿ ਆਪਣੀ ਪਾਰਟੀ ਦੇ ਪੰਜ ਉਮੀਦਵਾਰਾਂ ਨੂੰ ਵੀ ਲੋਕ ਸਭਾ ਪਹੁੰਚਾਇਆ। 5,61,883 ਵੋਟਾਂ ਵਿੱਚੋਂ 5,27,707 ਵੋਟਾਂ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ 4,80,417 ਵੋਟਾਂ ਨਾਲ ਹਰਾਇਆ ਸੀ।


ਚੋਣਾਂ ਵਿੱਚ 93.92 ਫੀਸਦੀ ਵੋਟਾਂ ਹਾਸਲ ਕਰਨ ਵਾਲੇ ਮਾਨ ਦਾ ਰਿਕਾਰਡ 30 ਸਾਲਾਂ ਬਾਅਦ ਵੀ ਕੋਈ ਨਹੀਂ ਤੋੜ ਪਾਇਆ। ਮਾਨ ਨੇ ਤਰਨ ਤਾਰਨ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਫਿਰੋਜ਼ਪੁਰ ਤੋਂ ਮਾਨ ਵੱਲੋਂ ਸਮਰਥਨ ਹਾਸਲ ਕਰਨ ਵਾਲੇ ਆਜ਼ਾਦ ਉਮੀਦਵਾਰ ਨੇ ਵੀ ਜਿੱਤ ਹਾਸਲ ਕੀਤੀ ਸੀ। ਇਸ ਮਗਰੋਂ ਮਾਨ ਤੇ ਉਨ੍ਹਾਂ ਦੀ ਪਾਰਟੀ ਹਾਸ਼ੀਏ 'ਤੇ ਚਲੀ ਗਈ। ਇਸ ਵਾਰ ਇੱਕ ਵਾਰ ਫਿਰ ਮਾਨ ਦੀ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।

ਜੇਲ੍ਹ ਤੋਂ ਲੜੀਆਂ ਸੀ ਚੋਣਾਂ
ਸਿਮਰਨਜੀਤ ਸਿੰਘ ਮਾਨ ਨੇ ਜੇਲ੍ਹ ਵਿੱਚ ਰਹਿੰਦਿਆਂ ਲੋਕ ਸਭਾ ਚੋਣਾਂ ਲੜੀਆਂ ਸੀ। ਜਿੱਤ ਪਿੱਛੋਂ ਉਹ ਵੱਡੇ ਲੀਡਰ ਵਜੋਂ ਉੱਭਰੇ ਸੀ। ਸ਼੍ਰੋਮਣੀ ਅਕਾਲੀ ਦਲ ਤਾਂ ਖ਼ਾਤਾ ਵੀ ਨਹੀਂ ਖੋਲ੍ਹ ਸਕਿਆ ਸੀ ਜਦਕਿ ਬੀਜੇਪੀ, ਕਾਂਗਰਸ, ਜਨਤਾ ਦਲ ਤੇ ਬਸਪਾ ਨੂੰ ਇੱਕ-ਇੱਕ ਸੀਟ ਨਾਲ ਹੀ ਗੁਜ਼ਾਰਾ ਕਰਨਾ ਪਿਆ ਸੀ।

ਕਾਂਗਰਸ ਨੂੰ ਗੁਰਦਾਸਪੁਰ ਵਿੱਚ ਹੀ ਕਾਮਯਾਬੀ ਮਿਲੀ ਸੀ। ਇੱਥੋਂ ਸੁਖਬੰਸ ਕੌਰ ਨੇ ਚੋਣਾਂ ਜਿੱਤੀਆਂ ਸੀ। ਹੁਸ਼ਿਆਰਪੁਰ ਤੋਂ ਅਕਾਲੀ ਦਲ ਦੀ ਗਠਜੋੜ ਪਾਰਟੀ ਬੀਜੇਪੀ ਦੇ ਕਮਲ ਚੌਧਰੀ ਦੀ ਜਿੱਤ ਹੋਈ ਸੀ। ਫਿਲੌਰ ਤੋਂ ਬਸਪਾ ਉਮੀਦਵਾਰ ਹਰਭਜਨ ਲਾਖਾ ਜਿੱਤੇ ਸੀ। ਜਲੰਧਰ ਸੀਟ ਤੋਂ ਜਨਤਾ ਦਲ ਦੇ ਇੰਦਰ ਕੁਮਾਰ ਗੁਜਰਾਲ ਨੂੰ ਜਿੱਤ ਮਿਲੀ। ਪਟਿਆਲਾ ਤੇ ਅੰਮ੍ਰਿਤਸਰ ਸੀਟ ਤੋਂ ਆਜ਼ਾਦ ਉਮੀਦਵਾਰ ਜਿੱਤੇ ਸਨ।