ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਸੰਗਰੂਰ ਜ਼ਿਮਨੀ ਚੋਣ ਤੋਂ ਪਹਿਲਾਂ  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਚਿੱਠੀ ਵਾਇਰਲ ਹੋਈ ਹੈ। ਸਿਮਰਨਜੀਤ ਮਾਨ ਨੇ ਇਸ ਚਿੱਠੀ ਨੂੰ ਅਕਾਲੀ ਦਲ ਦੀ ਕੋਝੀ ਚਾਲ ਦੱਸਿਆ ਹੈ। ਚਿੱਠੀ ਵਿੱਚ ਅਕਾਲੀ ਦਲ ਦੀ ਉਮੀਦਵਾਰ ਦੇ ਹੱਕ 'ਚ ਚੋਣਾਂ ਨਾ ਲੜਨ ਦੀ ਗੱਲ ਕਹੀ ਗਈ ਹੈ।


ਸਿਮਰਨਜੀਤ ਸਿੰਘ ਮਾਨ ਨੇ ਚਿੱਠੀ ਜ਼ਰੀਏ ਕਿਹਾ ਕਿ ਸੰਗਤ ਜੀ! ਮੈਂ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਸਿੱਖ ਕੌਮ ਤੇ ਹਲਕਾ ਸੰਗਰੂਰ ਵਾਸੀਆਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾਂ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਕੌਮ ਨੇ ਜ਼ਿਮਨੀ ਚੋਣ ਸੰਗਰੂਰ ਵਿੱਚ ਵੀ ਦਾਸ ਤੇ ਪਾਰਟੀ ਦਾ ਪੂਰਾ ਸਾਥ ਦਿੱਤਾ, ਜਿਸ ਲਈ ਸਮੂਹ ਸੰਗਤ ਦਾ ਧੰਨਵਾਦ।

ਪਰ ਸਮੂਹ ਸਿੱਖ ਕੌਮ ਤੇ ਖਾਲਸਾ ਪੰਥ ਦੀ ਅਵਾਜ਼ ਸੁਣਦੇ ਹੋਏ ਤੇ ਬੰਦੀ ਸਿੰਘਾਂ ਦੇ ਹੱਕ ਚ ਅਵਾਜ਼ ਬੁਲੰਦ ਕਰਦੇ ਹੋਏ ਮੈਂ "ਸਿਮਰਨਜੀਤ ਸਿੰਘ ਮਾਨ ਇੱਕ ਸਿੱਖ ਹੋਣ ਦੇ ਨਾਤੇ ਇਹ ਚੋਣਾਂ ਨਾ ਲੜਨ ਦਾ ਫੈਸਲਾ ਲੈਂਦੇ ਹੋਏ ਆਪਣਾ ਪੂਰਾ ਸਮਰਥਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਤੇ ਪਹਿਰਾ ਦਿੰਦੇ ਰਹੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਉਮੀਦਵਾਰ ਸਾਡੀ ਭੈਣ ਕਮਲਦੀਪ ਕੌਰ ਰਾਜੇਆਣਾ ਜੀ ਨੂੰ ਦੇ ਰਿਹਾ ਹਾਂ। ਸਮੂਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਸਾਰੇ ਵੱਧ ਤੋਂ ਵੱਧ ਵੋਟਾਂ ਕੌਮ ਦੀ ਭੈਣ ਨੂੰ ਪਵਾਓ ਤਾਂ ਜੋ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਪਹਿਰਾ ਦਿੰਦੇ ਹੋਏ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੀ ਲੜਾਈ 'ਚ ਵੱਡਾ ਯੋਗਦਾਨ ਪਾ ਸਕੀਏ। ਸਾਡੀ ਭੈਣ ਦੀ ਜਿਤ, ਪੂਰੀ ਕੌਮ ਦੀ ਜਿੱਤ ਹੋਵੇਗੀ। ਤੁਸੀਂ ਸਾਡੇ ਇਸ ਅਪੀਲ ਜ਼ਰੂਰ ਪ੍ਰਵਾਨ ਕਰੋ ।

ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸੀਟ 'ਤੇ ਆਮ ਆਦਮੀ ਪਾਰਟੀ (AAP), ਕਾਂਗਰਸ, ਅਕਾਲੀ ਦਲ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ ਹੈ।