ਬਰਨਾਲਾ : ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਧੰਨਵਾਦੀ ਦੌਰੇ ਤਹਿਤ ਸਿਮਰਨਜੀਤ ਸਿੰਘ ਮਾਨ ਬਰਨਾਲਾ ਪੁੱਜੇ ਹਨ। ਬਰਨਾਲਾ ਵਿਖੇ ਇੱਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਨੇ ਸਿਮਰਨਜੀਤ ਮਾਨ ਦਾ ਸਨਮਾਨ ਕੀਤਾ ਹੈ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਦਿੱਲੀ ਤੋਂ ਚੱਲਦੀ ਕੋਈ ਵੀ ਪਾਰਟੀ ਪੰਜਾਬ ਹਿੱਤ ਦੀ ਨਹੀਂ ਹੈ। ਉਨ੍ਹਾਂ ਮੱਤੇਵਾੜਾ ਜੰਗਲ ਦੀ ਜਗ੍ਹਾ ਇੰਡਟਰੀਅਲ ਪਾਰਕ ਬਣਾਉਣ ਦਾ ਫ਼ੈਸਲਾ ਵਾਪਸ ਲੈਣ ਦਾ ਸਵਾਗਤ ਕੀਤਾ ਹੈ।
ਪੰਜਾਬ ਵਿਧਾਨ ਸਭਾ ਦੇ ਫੈਸਲੇ ਸਬੰਧੀ ਕਿਹਾ ਕਿ ਹਰਿਆਣਾ ਆਪਣੀ ਵਿਧਾਨ ਸਭਾ ਰੋਹਤਕ ਵਿਚ ਬਣਾਵੇ, ਕਿਉਂਕਿ ਚੰਡੀਗੜ੍ਹ 'ਤੇ ਹੱਕ ਪੰਜਾਬ ਦਾ ਹੈ। ਰਾਘਵ ਚੱਡਾ ਨੂੰ ਪੰਜਾਬ ਸਰਕਾਰ ਦੀ ਐਡਵਾਈਜਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਮਾਨ ਨੇ ਕਿਹਾ ਕਿ ਹੁਣ ਤੱਕ ਭਗਵੰਤ ਮਾਨ ਦੀ ਸਰਕਾਰ ਦਿੱਲੀ ਤੋਂ ਹੀ ਚੱਲ ਰਹੀ ਹੈ। ਆਪ ਪਾਰਟੀ ਨੇ ਇੱਕ ਵੀ ਰਾਸ ਸਭਾ ਮੈਂਬਰ ਪੰਜਾਬ ਦਾ ਨਹੀਂ ਬਣਾਇਆ। ਉਥੇ ਉਹਨਾਂ ਸੰਤ ਸੀਚੇਵਾਲ 'ਤੇ ਤੰਦ ਕਸਦਿਆਂ ਕਿਹਾ ਕਿ ਵਾਤਾਵਰਨ ਅਤੇ ਪਾਣੀ ਦੀ ਗੱਲ ਕਰਨ ਵਾਲਾ ਸੰਤ ਬਲਵੀਰ ਸਿੰਘ ਸੀਚੇਵਾਲ ਹੁਣ ਰਾਜ ਸਭਾ ਦੀ ਕੁਰਸੀ ਮਿਲਣ 'ਤੇ ਮੱਤੇਵਾੜਾ ਜੰਗਲ ਵੇਲੇ ਚੁੱਪ ਕਰ ਗਏ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਪੀਆਰਟੀਸੀ ਦੀਆਂ ਬੱਸਾਂ ਤੋਂ ਉਤਾਰੇ ਜਾਣ 'ਤੇ ਕਿਹਾ ਕਿ ਇਹ ਤਸਵੀਰਾਂ ਮੁੜ ਦੁਬਾਰਾ ਸਿੱਖ ਸੰਗਤ ਲਗਾ ਦੇਵੇਗੀ। ਇਸਨੂੰ ਕੋਈ ਹਟਾ ਨਹੀਂ ਸਕਦਾ। ਐਸਜੀਪੀਸੀ ਚੋਣਾਂ ਨੂੰ ਲੈ ਕੇ ਮਾਨ ਨੇ ਕਿਹਾ ਕਿ ਉਹ ਚੰਗੇ, ਇਮਾਨਦਾਰ ਅਤੇ ਸਾਫ਼ ਸ਼ਵੀ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨਗੇ। ਬਾਦਲਾਂ ਵੱਲੋਂ ਜੋ ਗਲਤ ਫੈਸਲੇ ਐਸਜੀਪੀਸੀ ਵਿੱਚ ਲਏ ਗਏ ਹਨ, ਉਹਨਾਂ ਨੂੰ ਰੱਦ ਕੀਤਾ ਜਾਵੇਗਾ। ਸਿੱਧੂ ਮੂਸੇ ਵਾਲਾ ਅਤੇ ਦੀਪ ਸਿੱਧੂ ਦੀ ਮੌਤ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਮੁੜ ਅੰਤਰਰਾਸ਼ਟਰੀ ਪੱਧਰ 'ਤੇ ਜਾਂਚ ਕਰਵਾਉਣ ਦੀ ਮੰਗ ਕੀਤੀ।