ਮਾਨ ਵੱਲੋਂ ਬਰਗਾੜੀ ਇਨਸਾਫ ਮੋਰਚਾ ਸਫਲ ਕਰਾਰ
ਏਬੀਪੀ ਸਾਂਝਾ | 18 Feb 2019 05:03 PM (IST)
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਇਨਸਾਫ ਮੋਰਚਾ ਨੂੰ ਸਫਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ ਕਿ ਬਰਗਾੜੀ ਮੋਰਚਾ ਅਸਫ਼ਲ ਹੋ ਗਿਆ ਹੈ। ਮਾਨ ਨੇ ਸਵਾਲ ਕੀਤਾ ਕਿ ਜੇਕਰ ਬਰਗਾੜੀ ਮੋਰਚਾ ਫੇਲ੍ਹ ਹੋ ਗਿਆ ਹੈ ਤਾਂ ਫਿਰ ਸਾਬਕਾ ਐਸਪੀ ਚਰਨਜੀਤ ਸ਼ਰਮਾ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਗ੍ਰਿਫ਼ਤਾਰ ਕਿਵੇਂ ਹੋਏ। ਆਈਜੀ ਜਤਿੰਦਰ ਜੈਨ ਦੇ ਘਰ ਛਾਪੇ ਕਿਉਂ ਪੈ ਰਹੇ ਹਨ? ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਸੁਮੇਧ ਸੈਣੀ ਵਰਗੇ ਅਫ਼ਸਰਾਂ ਨੂੰ ਹੁਕਮ ਕਰਕੇ ਸਿੱਖਾਂ ਨੂੰ ਬਹਿਬਲ ਗੋਲੀ ਕਾਂਡ ਰਾਹੀਂ ਸ਼ਹੀਦ ਤੇ ਜਖ਼ਮੀ ਕਰਵਾਇਆ ਸੀ। ਉਹ ਵੀ ਇਸ ਬਰਗਾੜੀ ਮੋਰਚੇ ਦੇ ਮਿਸ਼ਨ ਤੇ ਐਸਆਈਟੀ ਦੀ ਗ੍ਰਿਫ਼ਤ ਤੋਂ ਬਚ ਨਹੀਂ ਸਕਣਗੇ। ਮਾਨ ਨੇ ਕਿਹਾ ਕਿ ਸਿੱਖ ਕੌਮ ਵਿੱਚ ‘ਸਰਬੱਤ ਖ਼ਾਲਸਾ’ ਰਾਹੀਂ 10 ਨਵੰਬਰ, 2015 ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ, ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਤਖ਼ਤਾਂ ਉਤੇ ਬਿਰਾਜਮਾਨ ਕੀਤੇ ਗਏ ਸਨ। ਇਸ ਦੇ ਨਾਲ ਹੀ ਸਰਬੱਤ ਖ਼ਾਲਸਾ ਵਿੱਚ 11 ਕੌਮੀ ਮਤੇ ਵੀ ਪਾਸ ਕੀਤੇ ਗਏ ਸਨ। ਉਨ੍ਹਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਮਤਿਆ ਨੂੰ ਵਰਲਡ ਸਿੱਖ ਪਾਰਲੀਮੈਂਟ, ਪੰਜ ਪਿਆਰੇ ਜਾਂ ਪੰਜ ਮੈਂਬਰੀ ਕਮੇਟੀਆਂ ਰੱਦ ਨਹੀਂ ਕਰ ਸਕਦੀਆਂ। ਇਸ ਲਈ ਜ਼ਰੂਰੀ ਹੈ ਕਿ ਸਮੁੱਚੀ ਸਿੱਖ ਕੌਮ ਨੇ ਜਿਵੇਂ ਬਰਗਾੜੀ ਮੋਰਚੇ ਤੇ ਸਰਬੱਤ ਖ਼ਾਲਸਾ ਵਿੱਚ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਬਰਗਾੜੀ ਮੋਰਚੇ ਦੇ ਸਿਆਸੀ ਤੇ ਕੌਮੀ ਪੜਾਅ ਨੂੰ ਅੱਗੇ ਵਧਾਉਣ ਤੇ ਸਰਬੱਤ ਖ਼ਾਲਸਾ ਦੀ ਸੋਚ ਨੂੰ ਮੰਜ਼ਲ ਉੱਤੇ ਲਿਜਾਣ ਵਿੱਚ ਸਹਿਯੋਗ ਕਰਨ।