Mock Drill Update: ਪਾਕਿਸਤਾਨ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਇੱਕ ਵਾਰ ਫਿਰ ਸਾਇਰਨ ਵੱਜੇਗਾ ਅਤੇ ਬਲੈਕਆਉਟ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਨੇ ਪਾਕਿ ਸਰਹੱਦ ਨਾਲ ਲੱਗਦੇ ਜ਼ਿਲਿਆਂ 'ਚ ਮੌਕ ਡ੍ਰਿੱਲ ਕਰਵਾਉਣ ਦਾ ਫੈਸਲਾ ਲਿਆ ਹੈ। ਇਹ ਮੌਕ ਡ੍ਰਿੱਲ ਹਰ ਮਹੀਨੇ ਕਰਵਾਈ ਜਾਵੇਗੀ। ਸੂਤਰਾਂ ਦੇ ਅਨੁਸਾਰ, ਸਰਹੱਦੀ ਇਲਾਕਿਆਂ 'ਚ 31 ਮਈ ਨੂੰ ਮੌਕ ਡ੍ਰਿੱਲ ਦੇ ਤਹਿਤ ਲੋਕਾਂ ਨੂੰ ਅਲਰਟ ਰਹਿਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ।

ਇਨ੍ਹਾਂ ਸੂਬਿਆਂ ਦੇ ਵਿੱਚ ਕਰਵਾਈ ਜਾਏਗੀ 

ਜੰਮੂ ਕਸ਼ਮੀਰ, ਹਰਿਆਣਾ, ਪੰਜਾਬ, ਰਾਜਸਥਾਨ, ਚੰਡੀਗੜ੍ਹ ਅਤੇ ਗੁਜਰਾਤ ਵਿੱਚ ਸ਼ਨੀਵਾਰ ਨੂੰ ਮੌਕ ਡ੍ਰਿੱਲ ਕਰਵਾਈ ਜਾਵੇਗੀ। ਭਾਰਤ ਨਾਲ ਲੱਗਦੀ ਪਾਕਿਸਤਾਨੀ ਸਰਹੱਦ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ‘ਓਪਰੇਸ਼ਨ ਸ਼ੀਲਡ’ ਦੇ ਤਹਿਤ ਕਰਵਾਈ ਜਾਣ ਵਾਲੀ ਮੌਕ ਡ੍ਰਿੱਲ ਦੌਰਾਨ ਬਲੈਕਆਉਟ ਹੋਵੇਗਾ ਅਤੇ ਸਾਇਰਨ ਵੀ ਵੱਜੇਗਾ।

29 ਮਈ ਨੂੰ ਹੋਣ ਵਾਲੀ ਮੌਕ ਡ੍ਰਿੱਲ ਰੱਦ

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 29 ਮਈ ਨੂੰ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਜ਼ਿਲਿਆਂ ਵਿੱਚ ਨਾਗਰਿਕ ਸੁਰੱਖਿਆ ਅਭਿਆਸ ਜਾਂ ਮੌਕ ਡ੍ਰਿੱਲ ਕਰਵਾਉਣ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਇਸਨੂੰ ਰੱਦ ਕਰ ਦਿੱਤਾ ਗਿਆ। ਮੌਕ ਡ੍ਰਿੱਲ ਦੇ ਤਹਿਤ ਇਹ ਸਿਖਾਇਆ ਜਾਵੇਗਾ ਕਿ ਦੁਸ਼ਮਣ ਦੇ ਹਵਾਈ ਜਹਾਜ਼ਾਂ, ਡਰੋਨਸ ਅਤੇ ਮਿਸਾਈਲਾਂ ਨਾਲ ਹੋਣ ਵਾਲੇ ਹਮਲਿਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ।

ਦੇਸ਼ ਭਰ 'ਚ 7 ਮਈ ਨੂੰ ਹੋਈ ਸੀ ਮੌਕ ਡ੍ਰਿੱਲ

ਤੁਹਾਨੂੰ ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧ ਗਿਆ ਸੀ। ‘ਓਪਰੇਸ਼ਨ ਸਿੰਦੂਰ’ ਤੋਂ ਕੁਝ ਘੰਟੇ ਪਹਿਲਾਂ ਕੇਂਦਰ ਸਰਕਾਰ ਨੇ 7 ਮਈ ਨੂੰ ਪੂਰੇ ਦੇਸ਼ ਵਿਚ ਮੌਕ ਡ੍ਰਿੱਲ ਕਰਵਾਈ ਸੀ। ਮੌਕ ਡ੍ਰਿੱਲ ਤੋਂ ਪਹਿਲਾਂ ਹੀ ਮੂੰਹ ਹਨੇਰੇ ਹੀ ਭਾਰਤੀ ਫੌਜ ਨੇ ਪਾਕਿਸਤਾਨ ਦੇ 9 ਆਤੰਕੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।

ਮੌਕ ਡ੍ਰਿੱਲ ਵਿੱਚ ਇਹ ਏਜੰਸੀਆਂ ਲੈਣਗੀਆਂ ਹਿੱਸਾ

‘ਓਪਰੇਸ਼ਨ ਸ਼ੀਲਡ’ ਦੇ ਤਹਿਤ ਹੋਣ ਵਾਲੀ ਮੌਕ ਡ੍ਰਿੱਲ ਦਾ ਮਕਸਦ ਸਰਹੱਦੀ ਰਾਜਾਂ ਵਿੱਚ ਐਮਰਜੈਂਸੀ ਹਾਲਤ ਨਾਲ ਨਜਿੱਠਣ ਦੀ ਤਿਆਰੀ ਦੀ ਜਾਂਚ ਕਰਨੀ ਹੈ। ਇਸ ਮੌਕ ਡ੍ਰਿੱਲ ਵਿੱਚ ਸਥਾਨਕ ਪੁਲਿਸ, ਸਿਵਲ ਡਿਫੈਂਸ, ਐਨ.ਡੀ.ਆਰ.ਐਫ., ਸਿਹਤ ਵਿਭਾਗ ਸਣੇ ਹੋਰ ਐਮਰਜੈਂਸੀ ਏਜੰਸੀਆਂ ਵੀ ਸ਼ਾਮਿਲ ਹੋਣਗੀਆਂ।