50 ਵਾਂ ਜਨਮ ਦਿਨ ਮਨਾਉਣ ਲਈ ਪੰਜਾਬ ਆਉਣਾ ਚਾਹੁੰਦਾ ਡੇਰਾ ਮੁਖੀ...
ਏਬੀਪੀ ਸਾਂਝਾ | 18 Aug 2017 10:01 AM (IST)
ਚੰਡੀਗੜ੍ਹ; ਡੇਰਾ ਸਿਰਸਾ ਦੇ ਆਗੂਆਂ ਨੇ ਮੁਖੀ ਦੀ ਪੰਜਾਬ ਫੇਰੀ ਦੀ ਆਗਿਆ ਮੰਗੀ ਹੈ। ਮੁਖੀ ਦਾ 50 ਵਾਂ ਜਨਮ ਦਿਨ ਮਨਾਉਣ ਲਈ ਡੇਰਾ ਆਗੂਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਰਖ਼ਾਸਤ ਦੇ ਕੇ ਡੇਰਾ ਮੁਖੀ ਲਈ ਡੇਰਾ ਸਲਾਬਤਪੁਰਾ ਆਉਣ ਦੀ ਪ੍ਰਵਾਨਗੀ ਮੰਗੀ ਹੈ। ਦੂਜੇ ਪਾਸੇ ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਇਸ ਵੇਲੇ ਕੋਈ ਅਜਿਹਾ ਖ਼ਤਰਾ ਮੁੱਲ ਨਹੀਂ ਲਏਗੀ, ਜਿਸ ਨਾਲ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕੋਈ ਸੱਟ ਲੱਗੇ। ਸੂਤਰਾਂ ਮੁਤਾਬਿਕ ਡੇਰਾ ਆਗੂਆਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਤੋਂ ਦਰਖ਼ਾਸਤ ਵਿੱਚ ਬਿਨਾਂ ਕੋਈ ਤਰੀਕ ਪਾਏ ਡੇਰਾ ਮੁਖੀ ਦੀ ਪੰਜਾਬ ਆਉਣ ਦੀ ਪ੍ਰਵਾਨਗੀ ਮੰਗੀ ਹੈ। ਕਮਿਸ਼ਨਰ ਨੇ ਫਿਲਹਾਲ ਬਿਨਾ ਤਰੀਕ ਤੋਂ ਮੁਖੀ ਦੀ ਪੰਜਾਬ ਆਉਣ ਦੀ ਪ੍ਰਵਾਨਗੀ ਲਈ ਐੱਸ.ਐੱਸ.ਪੀ. ਬਠਿੰਡਾ ਤੋੰ ਰਿਪੋਰਟ ਮੰਗੀ ਹੈ। ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਪੰਜਾਬ ਆਉਣ ਦੀ ਪ੍ਰਵਾਨਗੀ ਇੱਕ ਵਾਰ ਪਹਿਲਾਂ ਵੀ ਮੰਗੀ ਗਈ ਸੀ, ਜੋ ਕਿ ਪੁਲੀਸ ਰਿਪੋਰਟ ਮਗਰੋਂ ਰੱਦ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦਾ 50ਵਾਂ ਜਨਮ ਦਿਨ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਅਤੇ ਅੱਜਕਲ੍ਹ ਡੇਰਾ ਸਿਰਸਾ ਵਿੱਚ ਵੱਡੇ ਪੱਧਰ ’ਤੇ ਸਮਾਗਮ ਚੱਲ ਰਹੇ ਹਨ। ਪੰਜਾਬ ਦੇ ਡੇਰਾ ਪੈਰੋਕਾਰ ਜਨਮ ਦਿਨ ਦੇ ਜਸ਼ਨਾਂ ਨੂੰ ਪੰਜਾਬ ਵਿੱਚ ਇੱਕ ਮਹੀਨੇ ਲਈ ਮਨਾਉਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਉਹ ਡੇਰਾ ਮੁਖੀ ਤੋਂ ਜਨਮ ਦਿਨ ਦਾ ਕੇਕ ਕਟਾਉਣਾ ਚਾਹੁੰਦੇ ਹਨ।