ਫ਼ਰੀਦਕੋਟ: ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਜਸਪਾਲ ਸਿੰਘ ਮਾਮਲੇ ਵਿੱਚ ਫੜੇ ਗਏ ਮੁੱਖ ਮੁਲਜ਼ਮ ਰਣਬੀਰ ਸਿੰਘ ਤੋਂ ਜਾਣਕਾਰੀ ਹਾਸਲ ਕਰ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਖੁਲਾਸਾ ਕੀਤਾ ਹੈ ਕਿ ਰਣਬੀਰ ਸਿੰਘ ਨਾਜਾਇਜ਼ ਅਸਲਾ ਤਸਕਰ ਤੇ ਆਪਣੇ ਸਾਥੀਆਂ ਨਾਲ ਰਲ ਕੇ ਲੁੱਟ ਖੋਹ ਵੀ ਕਰਦਾ ਸੀ। ਟੀਮ ਨੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਜਸਪਾਲ ਦੀ ਭੂਮਿਕਾ ਬਾਰੇ ਹਾਲੇ ਕੁਝ ਸਾਫ ਨਹੀਂ ਕੀਤਾ।

ਐਸਆਈਟੀ ਮੈਂਬਰ ਤੇ ਫ਼ਰੀਦਕੋਟ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਨੇ ਦੱਸਿਆ ਕਿ ਰਣਬੀਰ ਸਿੰਘ ਸਾਥੀਆਂ ਨਾਲ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਵੇਚਦਾ ਸੀ ਅਤੇ ਨਾਲ ਹੀ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਐਸਐਸਪੀ ਨੇ ਦੱਸਿਆ ਕਿ ਜਸਪਾਲ ਮਾਮਲੇ ਵਿੱਚ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਰਣਬੀਰ ਸਿੰਘ ਦਾ ਅਸਲ ਨਾਂਅ ਸੁਮਿਤ ਮੁੰਜਾਲ ਹੈ ਜੋ ਜੀਂਦ ਹਰਿਆਣਾ ਦਾ ਰਹਿਣ ਵਾਲਾ ਹੈ।

ਪੁਲਿਸ ਮੁਤਾਬਕ ਉਸ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਰਣਬੀਰ ਸਿੰਘ ਸਮੇਤ ਕੁੱਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 4 ਪਿਸਟਲ ਸਮੇਤ ਜਿੰਦਾ ਕਾਰਤੂਸ ਅਤੇ 4 ਚੋਰੀ ਦੇ ਮੋਟਰਸਾਇਕਲ ਬਰਾਮਦ ਕੀਤੇ ਹਨ।