ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਅਚਾਨਕ ਗ੍ਰਿਫਤਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਚੰਡੀਗੜ੍ਹ ਹੈੱਡਕੁਆਟਰ ਤੋਂ ਅਚਾਨਕ ਹੀ ਮੀਟਿੰਗ ਮਗਰੋਂ ਗ੍ਰਿਫਤਾਰ ਕਰ ਲਿਆ।
ਦਰਅਸਲ ਉਮਰਾਨੰਗਲ ਤੋਂ 12 ਫਰਵਰੀ ਨੂੰ ਪੁੱਛਗਿੱਛ ਹੋਈ ਸੀ। ਇਸ ਮਗਰੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਲਈ ਉਹ ਵੀ ਹਾਈਕੋਰਟ ਜਾਣ ਦੀ ਤਿਆਰੀ ਕਰ ਰਹੇ ਸੀ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਗੋਲੀ ਐਸਪੀ ਬਿਕਰਮਜੀਤ ਸਿੰਘ ਤੇ ਇੰਸਪੈਕਟਰ ਪ੍ਰਦੀਪ ਸਿੰਘ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਗਈ ਸੀ। ਸਿੱਟ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਮਰਾਨੰਗਲ ਨੂੰ ਅਚਾਨਕ ਦਬੋਚ ਲਿਆ।
ਸੂਤਰਾਂ ਮੁਤਾਬਕ ਸੋਮਵਾਰ ਨੂੰ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਮੁੱਖ ਦਫ਼ਤਰ ਵਿੱਚ ਤਾਇਨਾਤ ਆਈਜੀ ਤੇ ਡੀਆਈਜੀ ਰੈਂਕ ਦੇ ਪੁਲਿਸ ਅਧਿਕਾਰੀਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਉਮਰਾਨੰਗਲ ਆਈਜੀ (ਪਾਲਿਸੀ ਐਂਡ ਰੂਲਜ਼) ਦੇ ਅਹੁਦੇ ’ਤੇ ਤਾਇਨਾਤ ਹਨ। ਉਹ ਪੁਲਿਸ ਹੈੱਡਕੁਆਰਟਰ ਦੀ ਦੂਜੀ ਮੰਜ਼ਲ ’ਤੇ ਸਥਿਤ ਦਫ਼ਤਰ ਵਿੱਚ ਬੈਠਦੇ ਸੀ।
ਦਫ਼ਤਰ ਦੀ 6ਵੀਂ ਮੰਜ਼ਲ ’ਤੇ ਜਿਵੇਂ ਹੀ ਮੀਟਿੰਗ ਖ਼ਤਮ ਹੋਈ ਤਾਂ ਐਸਆਈਟੀ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਉਮਰਾਨੰਗਲ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕਰ ਦਿੱਤਾ। ਉਮਰਾਨੰਗਲ ਨੂੰ ਘਰੋਂ ਕੁੜਤਾ-ਪਜਾਮਾ ਮੰਗਵਾ ਕੇ ਪਹਿਨਾਇਆ ਗਿਆ ਤੇ ਫਿਰ ਐਸਆਈਟੀ ਮੈਂਬਰਾਂ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕਰਨ ਦੀ ਗੱਲ ਆਖ ਕੇ ਫ਼ਰੀਦਕੋਟ ਨੂੰ ਚਾਲੇ ਪਾ ਦਿੱਤੇ। ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਮਰਾਨੰਗਲ ਨੂੰ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਕਾਬਲੇਗੌਰ ਹੈ ਕਿ ਕੈਪਟਨ ਸਰਕਾਰ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ’ਤੇ ਆਧਾਰਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ’ਤੇ ਅਕਤੂਬਰ 2014 ਦੌਰਾਨ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਸਬੰਧ ਵਿੱਚ 7 ਅਗਸਤ, 2018 ਨੂੰ ਕੋਟਕਪੂਰਾ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਐਸਆਈਟੀ ਵੱਲੋਂ ਉਮਰਾਨੰਗਲ ਨੂੰ ਗ੍ਰਿਫ਼ਤਾਰ ਕਰਨਾ ਗੋਲੀਕਾਂਡ ਮਾਮਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ।