Sidhu Moosewala Murder Case : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਣ ਦੇ ਮਾਮਲੇ 'ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ ( SIT) ਦਾ ਗਠਨ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਐਸਆਈਟੀ ਦੀ ਅਗਵਾਈ ਆਈਜੀ (ਪਟਿਆਲਾ ਰੇਂਜ) ਐਮਐਸ ਛੀਨਾ ਨੂੰ ਸੌਂਪੀ ਗਈ ਹੈ। ਇਸ ਦੇ ਤਿੰਨ ਮੈਂਬਰ ਏਆਈਜੀ (ਏਜੀਟੀਐਫ) ਓਪਿੰਦਰਜੀਤ ਸਿੰਘ, ਐਸਐਸਪੀ (ਮਾਨਸਾ) ਗੌਰਵ ਤੁਰਾ ਅਤੇ ਡੀਐਸਪੀ (ਏਜੀਟੀਐਫ) ਬਿਕਰਮਜੀਤ ਸਿੰਘ ਬਰਾੜ ਹਨ।
ਜਾਣਕਾਰੀ ਅਨੁਸਾਰ ਥਾਣਾ ਸਿਟੀ-1 ਮਾਨਸਾ ਦੇ ਐਸ.ਐਚ.ਓ ਇਸ ਐਸ.ਆਈ.ਟੀ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਇਸ ਤੋਂ ਇਲਾਵਾ ਐਸ.ਆਈ.ਟੀ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਅਧਿਕਾਰੀ ਵੀ ਸਹਾਇਤਾ ਲਈ ਤਾਇਨਾਤ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੂਰੀ ਰਫ਼ਤਾਰ ਨਾਲ ਚੱਲ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਦੱਸ ਦੇਈਏ ਕਿ ਦੀਪਕ ਟੀਨੂੰ ਐਤਵਾਰ ਸਵੇਰੇ ਮਾਨਸਾ ਪੁਲਿਸ ਦੀ ਸੀਆਈਏ ਯੂਨਿਟ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਪੰਜਾਬ ਪੁਲਿਸ ਨੇ ਮਾਨਸਾ ਸੀਆਈਏ ਯੂਨਿਟ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਪ੍ਰੀਤਪਾਲ ਸਿੰਘ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਵੀ ਮੈਂਬਰ ਸੀ। ਪ੍ਰੀਤਪਾਲ ਅਤੇ ਟੀਨੂੰ ਖ਼ਿਲਾਫ਼ ਥਾਣਾ ਸਿਟੀ-1 ਮਾਨਸਾ ਵਿਖੇ ਆਈਪੀਸੀ ਦੀ ਧਾਰਾ 222, 224, 225ਏ ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਿਰਾਸਤ 'ਚੋਂ ਫਰਾਰ ਹੋਣ ਦੇ ਕਰੀਬ 48 ਘੰਟੇ ਬਾਅਦ ਵੀ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ।
ਦੀਪਕ ਕੁਮਾਰ ਉਰਫ ਟੀਨੂੰ ਨੇ 11 ਸਾਲ ਪਹਿਲਾਂ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਕੁਝ ਦਿਨ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਭਿਵਾਨੀ ਸਥਿਤ ਤੇਜੀਵਾੜਾ ਸਥਿਤ ਰਿਹਾਇਸ਼ 'ਤੇ ਵੀ ਛਾਪਾ ਮਾਰਿਆ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਵਿਚ ਟੀਨੂੰ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਸਮੇਤ ਅਸਲਾ ਐਕਟ ਦੇ 32 ਕੇਸ ਦਰਜ ਹਨ। ਦੀਪਕ ਉਰਫ ਟੀਨੂੰ ਕਰੀਬ 11 ਸਾਲ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਸੀ।
ਓਧਰ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਖਰੜ ਸਥਿਤ ਸੀਆਈਏ ਦੀ ਇਮਾਰਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲਿਸ, ਵਿਸ਼ੇਸ਼ ਕਮਾਂਡੋ ਸਮੇਤ ਰਿਜ਼ਰਵ ਫੋਰਸ ਦੇ ਜਵਾਨ ਇਮਾਰਤ ਦੀ ਸੁਰੱਖਿਆ ਲਈ ਤਾਇਨਾਤ ਹਨ ਅਤੇ ਬੈਰੀਕੇਡਿੰਗ ਕੀਤੀ ਗਈ ਹੈ। ਸੀਆਈਏ ਦੀ ਇਮਾਰਤ ਦੇ ਬਾਹਰ 24 ਘੰਟੇ ਐਲਐਮਜੀ ਦੇ ਨਾਲ ਇੱਕ ਪੀਸੀਆਰ ਤਾਇਨਾਤ ਕੀਤਾ ਗਿਆ ਹੈ।