ਗੁਰਵਿੰਦਰ ਸਿੰਘ ਚੱਠਾ ਦੀ ਖਾਸ ਰਿਪੋਰਟ


Six months of AAP: ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 6 ਮਹੀਨੇ ਪੂਰੇ ਹੋ ਗਏ ਹਨ। ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਹਲਫ਼ ਲਿਆ ਸੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਵੱਲੋਂ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸੀ। ਆਓ ਜਾਣਦੇ ਹਾਂ ਉਨ੍ਹਾਂ ਵਿੱਚੋਂ ਕਿੰਨੇ ਵਾਅਦਿਆਂ ਤੇ ਫੁੱਲ ਚੜ੍ਹੇ ਤੇ ਸਰਕਾਰ ਦੇ ਕਿਹੜੇ ਫੈਸਲਿਆਂ ਨਾਲ ਉਸ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।


ਕਿਹੜੇ ਵਾਅਦੇ ਹੋਏ ਵਫ਼ਾ


ਮੁਫ਼ਤ ਬਿਜਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆ ਕੇ ਦਿੱਲੀ ਦੀ ਤਰਜ ਤੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗੱਲ ਕਹੀ ਸੀ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ ਤੋਂ ਲਾਗੂ ਕਰ ਦਿੱਤੀ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ 1 ਜੁਲਾਈ ਨੂੰ 20 ਲੱਖ ਤੋਂ ਜ਼ਿਆਦਾ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। 


ਸਿਹਤ ਸਹੂਲਤਾਂ: ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਆਜ਼ਾਦੀ ਦੇ 75ਵੇਂ ਮਹਾਉਤਸਵ ਮੌਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੇ 75 ਮੁਹੱਲਾ ਕਲੀਨਿਕ ਖੋਲ੍ਹੇ ਸੀ ਤੇ ਉਸ ਤੋਂ ਅਗਲੇ ਦਿਨ 25 ਹੋਰ ਖੋਲ੍ਹ ਕੇ ਗਿਣਤੀ 100 ਕਰ ਦਿੱਤੀ ਸੀ। 


ਇੱਕ ਵਿਧਾਇਕ ਇੱਕ ਪੈਨਸ਼ਨ-ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਿਵੇਂ ਹੀ ਉਹ ਸੱਤਾ ਵਿੱਚ ਆਉਣਗੇ ਤਾਂ ਵਿਧਾਨ ਸਭਾ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਲਿਆਂਦਾ ਜਾਵੇਗਾ, ਹੋਇਆ ਵੀ ਇੰਝ ਹੀ ਸਰਕਾਰ ਵੱਲੋਂ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ।


ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਹਟਾਉਣਾ: ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜੇ ਹਟਾਉਣ ਨੂੰ ਲੈ ਕੇ ਹਾਲਾਂਕਿ ਸਰਕਾਰੀ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ ਪਰ ਫਿਰ ਵੀ ਇਸ ਦੀ ਕਾਰਗੁਜ਼ਾਰੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।


ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣਾ: ਅਰਵਿੰਦ ਕੇਜਰੀਵਾਲ ਦੀਆਂ ਗਾਰੰਟੀਆਂ ਵਿੱਚ ਇੱਕ ਇਹ ਵੀ ਸੀ ਕਿ ਸਰਕਾਰ ਬਣਦੇ ਹੀ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਜੋ ਕਿ 6 ਮਹੀਨੇ ਲੰਘਣ ਦੇ ਬਾਅਦ ਵੀ ਨਹੀਂ ਮਿਲਿਆ, ਹਾਲਾਂਕਿ ਵਿਧਾਇਕ ਇਸ ਤੋਂ ਮੁਨਕਰ ਨਹੀਂ ਹੋ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਜ਼ਰੂਰ ਦੇਵਾਗੇ ਪਰ ਵਕਤ ਲੱਗੇਗਾ ਪਰ ਇਹ ਨਹੀਂ ਪਤਾ ਕਿੰਨਾ।


ਨੌਕਰੀਆਂ: ਆਪ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਮੁੱਖ ਮੰਤਰੀ ਮਾਨ ਦਾ ਡਾਇਲੌਗ ਬੜਾ ਮਸ਼ਹੂਰ ਹੋਇਆ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਕੱਚਿਆਂ ਨੂੰ ਪੱਕਾ ਕਰਨ ਲਈ ਹਰਾ ਪੈਨ ਚਲਾਇਆ ਜਾਵੇਗਾ ਪਰ ਹਾਲੇ ਵੀ ਕਈ ਟੈਂਕੀਆਂ ਤੇ ਚੜ੍ਹੇ  ਨੇ ਤੇ ਆਏ ਦਿਨ ਬੇਰੁਜ਼ਗਾਰ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਡਾਂਗਾ ਖਾ ਰਹੇ ਹਨ।