Farmer Protest: ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਦੇ ਸੱਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਸ਼ਮੂਲੀਅਤ ਨਾ ਹੋਣ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਸਨ ਜਿਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਕਾਇਦਾ ਤਾਰੀਕਾਂ ਤੇ ਸਥਾਨ ਦਾ ਜ਼ਿਕਰ ਕਰ ਦੱਸਿਆ ਕਿ ਉਨ੍ਹਾਂ ਨੇ ਮੋਰਚੇ ਦੇ ਕਿਸਾਨ ਆਗੂਆਂ ਨਾਲ ਇਸ ਬਾਰੇ ਕਈ ਵਾਰ ਗੱਲ ਕੀਤੀ ਹੈ ਪਰ ਉਨ੍ਹਾਂ ਵੱਲੋਂ ਕਦੇਂ ਵੀ ਸੰਘਰਸ਼ ਦੀ ਹਿਮਾਇਤ ਨਹੀਂ ਕੀਤੀ ਗਈ।


ਦਰਅਸਲ ਕਿਸਾਨ ਜਥੇਬੰਦੀਆਂ ਵਿੱਚ ਮੱਤਭੇਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੇ, ਸਗੋਂ ਜਥੇਬੰਦੀਆਂ ਵਿਚਾਲੇ ਇਹ ਖਾਈ ਹੋਰ ਡੂੰਘੀ ਹੋ ਰਹੀ ਹੈ। ਹੁਣ ਸਰਵਣ ਸਿੰਘ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਜਵਾਬ ਦਿੱਤਾ ਹੈ ਕਿ ਪਿਛਲੇ ਦਿਨਾਂ ਵਿੱਚ SKM ਨੇ ਕਿਹਾ ਸੀ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਕੁਝ ਜਥੇਬੰਦੀਆਂ ਵੱਲੋਂ ਬਿਨ੍ਹਾਂ ਕਿਸੇ ਵਿਚਾਰ ਚਰਚਾ ਦੇ ਲਿਆ ਗਿਆ ਹੈ, ਪਰ ਹੁਣ ਸਰਵਣ ਪੰਧੇਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਇੱਕ-ਇੱਕ ਕਰਕੇ ਦਿੱਲੀ ਕੂਚ ਤੋਂ ਪਹਿਲਾਂ ਉਨ੍ਹਾਂ ਤਮਾਮ ਲੀਡਰਾਂ ਅਤੇ ਜਥੇਬੰਦੀਆਂ ਨਾਲ ਹੋਈ ਚਰਚਾ ਬਾਰੇ ਦੱਸਿਆ ਹੈ।



ਪੰਧੇਰ ਨੇ ਕਿਹਾ ਕਿ SKM ਕਾਰਨ ਹੀ ਅੰਦੋਲਨ 'ਚ ਦੇਰੀ ਹੋਈ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਚੱਲ ਗਿਆ ਸੀ ਕਿ SKM ਦੀ ਸਥਿਤੀ ਸੰਘਰਸ਼ ਕਰਨ ਦੀ ਨਹੀਂ, ਇਸ ਤੋਂ ਬਾਅਦ ਹੀ ਉਨ੍ਹਾਂ ਡੱਲੇਵਾਲ ਦੀ ਜਥੇਬੰਦੀ ਨਾਲ ਮਿਲ ਕੇ ਦਿੱਲੀ ਕੂਚ ਦਾ ਫੈਸਲਾ ਲਿਆ ਹੈ। ਦਰਅਸਲ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਚੱਲ ਰਹੇ ਅੰਦੋਲਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ।


ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਤੇ ਹਰਿਆਣ ਦੀਆਂ ਜਥੇਬੰਦੀਆਂ ਨਾਲ 13 ਮੀਟਿੰਗਾਂ ਕੀਤੀਆਂ ਹਨ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਇਸ ਨੂੰ ਲੈ ਕੇ ਕੋਈ ਸਥਿਤੀ ਸਪੱਸ਼ਟ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਅਸੂਲਾਂ ਦੇ ਆਧਾਰ ਉੱਤੇ ਸਮਝੌਤਾ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਨੇ ਇਸ ਦਾ ਸਾਥ ਨਹੀਂ ਦਿੱਤਾ। ਐਸਕੇਐਮ ਵੱਲੋਂ ਕਿਹਾ ਗਿਆ ਕਿ ਤੁਸੀਂ ਅਨਾੜੀ ਹੋ ਤੇ ਕਦੇ ਵੀ ਦੇਸ਼ ਵਿੱਚ 50 ਸਾਲ ਤੱਕ ਵੱਡਾ ਅੰਦੋਲਨ ਨਹੀਂ ਹੁੰਦਾ। 


ਰੁਲਦੂ ਸਿੰਘ ਮਾਨਸਾ ਨੇ ਕਿਹਾ ਸੀ ਕਿ 33 ਸਾਲ ਤੋਂ ਪਹਿਲਾਂ ਕੋਈ ਵੀ ਅੰਦੋਲਨ ਨਹੀਂ ਬਣਦਾ ਹੈ। ਐਸਕੇਐਮ ਦੀ ਸਥਿਤੀ ਸੀ ਕਿ ਦਿੱਲੀ ਦਾ ਅੰਦੋਲਨ ਇਨ੍ਹੀ ਛੇਤੀ ਨਹੀਂ ਬਣਨ ਵਾਲਾ ਹੈ ਇਸ ਲਈ ਸਾਨੂੰ ਅੰਦੋਲਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਨਵੰਬਰ ਵਿੱਚ ਅੰਦੋਲਨ ਕਰਨਾ ਸੀ ਇਹ ਇਸ ਲਈ ਲੇਟ ਹੋਇਆ ਕਿਉਂਕਿ ਐਸਕੇਐਮ ਵੱਲੋਂ ਉਨ੍ਹਾਂ ਨੂੰ ਟਾਲਿਆ ਗਿਆ। ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਐਸਕੇਐਮ ਦੀ ਸਥਿਤੀ ਸੰਘਰਸ਼ ਕਰਨ ਦੀ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕੱਲਿਆ ਹੀ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ।