Paddy Procurement: ਪੰਜਾਬ ਵਿੱਚ ਝੋਨੇ ਦੀ ਢਿੱਲੀ ਖਰੀਦ ਦੇ ਵਿਰੋਧ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂ ਮੁੱਖ ਸੜਕਾਂ ਜਾਮ ਕਰਨਗੇ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਕਿਸਾਨ ਅੱਜ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚਾਰ ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰਨਗੇ।


ਪਿਛਲੇ ਦਿਨੀਂ ਐਸਕੇਐਮ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਸੀ ਕਿ ਸੜਕਾਂ ਜਾਮ ਕਰਨ ਦਾ ਫੈਸਲਾ 19 ਅਕਤੂਬਰ ਨੂੰ ਹੀ ਲਿਆ ਗਿਆ ਹੈ। ਜਿਸ ਵਿੱਚ ਕਿਹਾ ਗਿਆ ਕਿ ਜੇਕਰ ਸੂਬਾ ਸਰਕਾਰ ਚਾਰ ਦਿਨਾਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ।



29 ਅਕਤੂਬਰ ਨੂੰ ਡੀਸੀ ਦਫਤਰਾਂ ਦਾ ਹੋਵੇਗਾ ਘਿਰਾਓ


ਰਮਿੰਦਰ ਪਟਿਆਲਾ ਨੇ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ 29 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਸੂਬੇ ਦੇ ਸਮੂਹ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਕਰਨ 'ਤੇ ਕਾਲੇ ਝੰਡੇ ਦਿਖਾਏ ਜਾਣਗੇ।


ਇਹ ਵੀ ਪੜ੍ਹੋ: NDA ਦੇ ਨਤੀਜਿਆਂ 'ਚੋਂ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਭਾਰਤ 'ਚੋਂ ਰਿਹਾ ਪਹਿਲੇ ਸਥਾਨ 'ਤੇ


26 ਅਕਤੂਬਰ ਨੂੰ ਅਣਮਿੱਥੇ ਸਮੇਂ ਲਈ ਸੜਕਾਂ ਕੀਤੀਆਂ ਜਾਣਗੀਆਂ ਜਾਮ


ਐਸਕੇਐਮ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਦੇ ਖਿਲਾਫ ਹੋ ਗਈਆਂ ਹਨ। ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ 26 ਅਕਤੂਬਰ ਨੂੰ ਮਾਝਾ-ਮਾਲਵਾ-ਦੁਆਬਾ ਖੇਤਰ ਵਿੱਚ ਹਾਈਵੇਅ ਜਾਮ ਕੀਤੇ ਜਾਣਗੇ। ਇਹ ਅੰਦੋਲਨ 26 ਅਕਤੂਬਰ ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗਾ ਅਤੇ ਮੰਗਾਂ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਹ ਅੰਦੋਲਨ ਪਰਾਲੀ ਸਾੜਨ ਨੂੰ ਲੈਕੇ ਦਰਜ ਐਫਆਈਆਰ , ਝੋਨੇ ਦੀ ਸੁਸਤ ਖਰੀਦ ਅਤੇ ਡੀ.ਏ.ਪੀ.ਏ. ਦੇ ਮੁੱਦੇ ਨੂੰ ਲੈਕੇ ਹੋਵੇਗਾ। 


ਕਿਸਾਨਾਂ ਦੀਆਂ ਮੁੱਖ ਮੰਗਾਂ


ਝੋਨੇ ਦੀ ਖਰੀਦ ਜਲਦੀ ਤੋਂ ਜਲਦੀ ਯਕੀਨੀ ਬਣਾਈ ਜਾਵੇ।
ਪਰਾਲੀ ਸਾੜਨ ਵਿਰੁੱਧ ਦਰਜ ਐਫਆਈਆਰ ਰੱਦ ਕੀਤੀਆਂ ਜਾਣ।
ਡੀਏਪੀ ਖਾਦ ਦੀ ਸਪਲਾਈ ਵਿੱਚ ਕਮੀ ਨੂੰ ਦੂਰ ਕੀਤਾ ਜਾਵੇ।
ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਏ ਜਾਣ।


ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ AQI 300 ਤੋਂ ਪਾਰ, ਯੈਲੋ ਅਲਰਟ ਜਾਰੀ, ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ