ਪਟਿਆਲਾ: ਇਨ੍ਹਾਂ ਦਿਨੀਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਲੀਡਰ ਨਿੱਤ ਦਲਬਦਲੀ ਕਰ ਰਹੇ ਹਨ। ਉਹ ਨਵੀਂ ਪਾਰਟੀ ਵਿੱਚ ਤਾਂ ਚਲੇ ਜਾਂਦੇ ਹਨ ਪਰ ਅੰਦਰੋਂ ਰੰਗੇ ਪੁਰਾਣੀ ਪਾਰਟੀ ਵਿੱਚ ਹੀ ਰਹਿੰਦੇ ਹਨ। ਅਜਿਹਾ ਹੀ ਮਾਮਲਾ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ। ਕਾਂਗਰਸ ਉਮੀਦਵਾਰ ਪਰਨੀਤ ਕੌਰ ਦੀ ਚੋਣ ਰੈਲੀ ਵਿੱਚ ਨਵੇਂ-ਨਵੇਂ ਬਣੇ ਕਾਂਗਰਸੀ ਨੇ ਅਕਾਲੀ ਸਿਗਨਲ ਫੜ ਲਿਆ। ਉਹ ਕਾਂਗਰਸ ਦੀ ਰੈਲੀ ਵਿੱਚ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗਾ।


ਦਰਅਸਲ 16 ਅਪਰੈਲ ਨੂੰ ਅਕਾਲੀ ਦਲ ਛੱਡ ਕਾਂਗਰਸ ‘ਚ ਆਏ ਹਰਸਿਮਰਤ ਸਿੰਘ ਪਠਾਨਮਾਜਰਾ ਨੇ ਵੀ ਮੰਚ ਤੋਂ ਜਨਤਾ ਨੂੰ ਸੰਬੋਧਨ ਕੀਤਾ। ਅਚਾਨਕ ਉਨ੍ਹਾਂ ਨੇ ਰੈਲੀ ‘ਚ ਸ਼੍ਰੋਮਣੀ ਅਕਾਲੀ ਦਲ ਜ਼ਿੰਬਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਲੋਕ ਹੱਕੇਬੱਕੇ ਰਹਿ ਗਏ। ਕਾਂਗਰਸੀ ਲੀਡਰਾਂ ਨੂੰ ਉਨ੍ਹਾਂ ਯਾਦ ਕਰਵਾਇਆ ਤਾਂ ਉਹ ਮਾਫੀ ਮੰਗਣ ਲੱਗੇ।

ਉਨ੍ਹਾਂ ਕਿਹਾ, “ਮਾਫ ਕਰ ਦਿਓ, ਇੰਨੇ ਸਾਲ ਅਕਾਲੀਆਂ ‘ਚ ਰਿਹਾ ਹਾਂ, ਗਲਤੀ ਹੋ ਗਈ।” ਇਸ ਮਗਰੋਂ ਉਨ੍ਹਾਂ ਕਾਂਗਰਸ ਜ਼ਿੰਦਾਬਾਦ ਤੇ ਪਰਨੀਤ ਕੌਰ ਜ਼ਿੰਦਾਬਾਦ ਦੇ ਨਾਅਰੇ ਲਾਏ।