ਚੰਡੀਗੜ੍ਹ: ਕੈਪਟਨ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦੇ ਵਾਅਦੇ ਬਾਰੇ ਕਿਹਾ ਹੈ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ 'ਚ ਸਮਾਰਟ ਕਲਾਸਾਂ ਸ਼ੁਰੂ ਹੋ ਰਹੀਆਂ ਹਨ, ਹਾਲੇ ਇਹ ਜ਼ਰੂਰੀ ਹੈ, ਸਮਾਰਟਫੋਨ ਬਾਅਦ ਵਿੱਚ ਦਿੱਤੇ ਜਾਣਗੇ। ਦਰਅਸਲ ਬਾਜਵਾ ਬਟਾਲਾ ਵਿੱਚ ਇੱਕ ਸਮਾਜ ਸੇਵਾ ਸੰਸਥਾ ਵੱਲੋਂ ਕਰਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇੱਥੇ ਉਨ੍ਹਾਂ ਉਕਤ ਬਿਆਨ ਦਿੱਤਾ।


ਦੱਸ ਦੇਈਏ ਪੰਜਾਬ ਸਰਕਾਰ ਨੇ ਆਖਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਮਨ ਬਣਾ ਲਿਆ ਹੈ। ਸਰਕਾਰ ਤਿੰਨ ਵਰ੍ਹੇ ਬਾਅਦ ਆਪਣੇ ਚੋਣ ਵਾਅਦਾ ਪੂਰਾ ਕਰਨ ਜਾ ਰਹੀ ਜਿਸ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਐਲਾਨ ਕੀਤਾ ਸੀ। ਕੈਪਟਨ ਸਰਕਾਰ ਇਸ ਨੂੰ ਲਗਾਤਾਰ ਟਾਲਦੀ ਆ ਰਹੀ ਸੀ ਪਰ ਸੋਸ਼ਲ ਮੀਡੀਆ 'ਤੇ ਮਜ਼ਾਕ ਉੱਡਣ ਮਗਰੋਂ ਹੁਣ ਸਮਾਰਟ ਫੋਨ ਦੇਣ ਦੀ ਤਿਆਰੀ ਕੀਤੀ ਹੈ।


ਪੰਜਾਬ ਸਰਕਾਰ ਨੇ ਇਸ ਫੈਸਲੇ 'ਤੇ ਕੁਝ ਸਮਾਂ ਪਹਿਲਾਂ ਹੀ ਮੋਹਰ ਲਾ ਦਿੱਤੀ ਸੀ ਪਰ ਸਮਾਰਟ ਫੋਨ ਦੇਣ ਲਈ ਟੈਂਡਰ ਖੁੱਲ੍ਹ ਰਹੇ ਹਨ। ਯਾਦ ਰਹੇ ਕਿਸੇ ਇੱਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ ਰਸਤਾ ਪੱਧਰਾ ਹੋਵੇਗਾ। ਸੂਤਰਾਂ ਮੁਤਾਬਕ ਟੈਂਡਰ ਖੁੱਲ੍ਹਣ ਮਗਰੋਂ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਕੁਝ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ਹਨ ਤੇ ਉਨ੍ਹਾਂ ਦੇ ਦੇਸ਼ ਪਰਤ ਆਉਣ ਤੋਂ ਬਾਅਦ ਹੀ ਕੰਮ ਅਲਾਟ ਕੀਤਾ ਜਾਵੇ। ਇਸ ਲਈ ਨੌਜਵਾਨਾਂ ਨੂੰ ਅਜੇ ਹੋਰ ਉਡੀਕ ਕਰਨੀ ਪਏਗੀ ਪਰ ਇਹ ਪੱਕਾ ਹੈ ਕਿ ਸਮਾਰਟ ਫੋਨ ਮਿਲਣਗੇ ਜ਼ਰੂਰ।


ਹਾਸਲ ਜਾਣਕਾਰੀ ਅੁਨਸਾਰ ਜੇਕਰ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ ਦੇ ਅਖੀਰ ਤਕ ਹੀ ਫੋਨ ਮਿਲਣਗੇ ਪਰ ਸਰਕਾਰ ਵੱਲ਼ੋਂ ਮੋਬਾਈਲ ਫੋਨ ਦੀ ਸਕਰੀਨ 'ਤੇ ਲੱਗਣ ਵਾਲੀ ਫੋਟੋ ਤਿਆਰ ਕਰਵਾ ਲਈ ਗਈ ਹੈ। ਯਾਦ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਸਾਲ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਦੀਵਾਲੀ ਮੌਕੇ ਸਮਾਰਟ ਫੋਨ ਦੇਣ ਦੀ ਤਿਆਰੀ ਹੈ। ਫੋਨ ਦੇਣ ਲਈ ਪੈਸੇ ਵੱਖਰੇ ਤੌਰ ’ਤੇ ਰੱਖੇ ਗਏ ਹਨ। ਦੀਵਾਲੀ ਵੀ ਲੰਘ ਗਈ ਪਰ ਫੋਨ ਨਹੀਂ ਮਿਲੇ।