ਨਵੀਂ ਦਿੱਲੀ:  PM Modi Security breach : ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਦੀ ਸੁਰੱਖਿਆ 'ਚ ਹੋਈ ਕੁਤਾਹੀ 'ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਦਿੱਲੀ 'ਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਹਾਈਕਮਾਂਡ ਨੂੰ ਦੋ ਸਵਾਲ ਪੁੱਛੇ ਹਨ। ਉਨ੍ਹਾਂ ਪੁੱਛਿਆ ਕਿ ਆਖਰ ਕਿਉਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰੋਟੋਕੋਲ ਤੇ ਇਸ ਦੀ ਉਲੰਘਣਾ ਬਾਰੇ ਇੱਕ ਨਾਗਰਿਕ (ਪ੍ਰਿਅੰਕਾ ਗਾਂਧੀ ਵਾਡਰਾ) ਨੂੰ ਜਾਣਕਾਰੀ ਦਿੱਤੀ? ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦਾ ਹਿੱਸਾ ਰਹਿਣ ਵਾਲੇ ਨਾਗਰਿਕ ਇਸ ਮਾਮਲੇ ਨੂੰ ਜਾਣਨ ਵਿੱਚ ਦਿਲਚਸਪੀ ਕਿਉਂ ਰੱਖਦੇ ਹਨ।





ਇਸ ਤੋਂ ਬਾਅਦ ਕੇਂਦਰੀ ਮੰਤਰੀ ਇਰਾਨੀ ਨੇ ਕਾਂਗਰਸ ਹਾਈਕਮਾਂਡ 'ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਕਾਂਗਰਸ ਹਾਈਕਮਾਂਡ ਨੂੰ ਆਪਣਾ ਸਵਾਲ ਦੁਹਰਾਉਂਦੀ ਹਾਂ ਕਿ ਪੰਜਾਬ 'ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀ ਮਿਲੀ ਭੁਗਤ ਕਾਰਨ ਪ੍ਰਧਾਨ ਮੰਤਰੀ ਦੇ ਸੁਰੱਖਿਆ ਪ੍ਰਬੰਧਾਂ ਨੂੰ ਜਾਣਬੁੱਝ ਕੇ ਕਿਉਂ ਤੋੜਿਆ ਗਿਆ? ਆਖ਼ਰ ਕਾਂਗਰਸ ਵਿੱਚ ਕੌਣ-ਕੌਣ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਉਲੰਘਣਾ ਕਰਕੇ ਫਾਇਦਾ ਉਠਾਉਣਾ ਚਾਹੁੰਦਾ ਸੀ?

ਪਿਛਲੇ ਹਫ਼ਤੇ ਪੰਜਾਬ ਵਿੱਚ PM ਮੋਦੀ ਦੀ ਸੁਰੱਖਿਆ 'ਚ ਚੂਕ ਹੋਈ
ਦਰਅਸਲ, ਪਿਛਲੇ ਹਫ਼ਤੇ ਹੀ ਪੰਜਾਬ ਦੌਰੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਚੂਕ ਹੋਈ ਸੀ। ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਜਾਂਦੇ ਸਮੇਂ ਪਿੰਡ ਪਿਆਰੇਆਣਾ ਵਿਖੇ ਇੱਕ ਪੁੱਲ 'ਤੇ 20 ਮਿੰਟ ਤੱਕ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ ਸੀ। ਪ੍ਰਧਾਨ ਮੰਤਰੀ ਨੇ ਵਾਪਿਸ ਪਰਤਣ ਸਮੇਂ ਬਠਿੰਡਾ ਹਵਾਈ ਅੱਡੇ 'ਤੇ (Bathinda Airport) ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਮੈਂ ਜਿਉਂਦਾ ਬਠਿੰਡਾ ਵਾਪਸ ਮੁੜ ਆਇਆ।

ਪ੍ਰਦਰਸ਼ਨਕਾਰੀਆਂ ਨੇ ਰੋਕਿਆ ਸੀ ਰਸਤਾ
ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਖੁੱਲ੍ਹੀ ਸੜਕ 'ਤੇ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਬੇਵੱਸ ਹੋ ਗਿਆ ਤਾਂ ਸਥਾਨਕ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਦੋਸਤਾਨਾ ਮਾਹੌਲ ਚੱਲ ਰਿਹਾ ਸੀ। ਪੁਲਿਸ ਮੁਲਾਜ਼ਮ ਉਥੇ ਪ੍ਰਦਰਸ਼ਨਕਾਰੀਆਂ ਤੋਂ ਚਾਹ ਪੀ ਰਹੇ ਸਨ ਤੇ ਉਨ੍ਹਾਂ ਨੂੰ ਰਸਤਾ ਸਾਫ਼ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ। ਅਜਿਹੇ 'ਚ ਕੋਈ ਵੀ ਮੌਕੇ ਦਾ ਫਾਇਦਾ ਉਠਾ ਕੇ ਪੀਐੱਮ ਦੀ ਜਾਨ ਨੂੰ ਖਤਰਾ ਪੈਦਾ ਕਰ ਸਕਦਾ ਸੀ। ਜਿਸ ਸਥਾਨ 'ਤੇ ਇਹ ਘਟਨਾ ਵਾਪਰੀ ਹੈ, ਉਹ ਪਾਕਿਸਤਾਨ ਸਰਹੱਦ ਤੋਂ ਸਿਰਫ 15 ਕਿਲੋਮੀਟਰ ਦੂਰ ਹੈ ਤੇ ਪਾਕਿਸਤਾਨ ਦੀਆਂ ਨਜ਼ਰਾਂ ਹਮੇਸ਼ਾ ਦਹਿਸ਼ਤ ਫੈਲਾਉਣ ਲਈ ਇਸ ਸਰਹੱਦੀ ਸੂਬੇ 'ਤੇ ਰਹਿੰਦੀਆਂ ਹਨ।