Punjab News:  ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੰਜਾਬ ਵਿੱਚ ਕੈਮੀਕਲ ਡਰੱਗ ਕਿੰਗਪਿਨ ਅਕਸ਼ੈ ਛਾਬੜਾ ਤੇ ਜਸਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। NCB ਨੇ ਹੁਣ ਦੋਵਾਂ ਦੋਸ਼ੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ।  ਦਰਅਸਲ, NCB ਦੀ ਹਿਰਾਸਤ 'ਚ ਹੋਣ ਦੌਰਾਨ ਸੂਚਨਾ ਮਿਲੀ ਸੀ ਕਿ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਇੱਥੋਂ ਵੀ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾ ਰਹੇ ਸਨ।



ਅਕਸ਼ੈ ਅਤੇ ਜਸਪਾਲ ਜਦੋਂ ਐਨਸੀਬੀ ਦੀ ਹਿਰਾਸਤ ਵਿੱਚ ਸਨ ਤਾਂ ਉਨ੍ਹਾਂ ਨੇ ਕਈ ਜੇਲ੍ਹਾਂ ਵਿੱਚ ਸੰਪਰਕ ਕਾਇਮ ਕੀਤਾ ਸੀ ਤਾਂ ਜੋ ਉਨ੍ਹਾਂ ਦਾ ਨੈੱਟਵਰਕ ਵਧਾਇਆ ਜਾ ਸਕੇ, ਇਹ ਸਾਜ਼ਿਸ਼ ਨਾਕਾਮ ਕਰਨ ਲਈ ਐਨਸੀਬੀ ਨੇ ਉਨ੍ਹਾਂ ਨੂੰ ਅਸਮ ਦੀ ਜੇਲ੍ਹ ਭੇਜ ਦਿੱਤਾ ਹੈ। ਕਿੰਗਪਿਨ ਅਕਸ਼ੈ ਛਾਬੜਾ ਵਿਰੁੱਧ ਐਨਡੀਪੀਐਸ ਐਕਟ ਤਹਿਤ ਤਿੰਨ ਹੋਰ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ ਜਸਪਾਲ ਸਿੰਘ ਉਰਫ ਗੋਲਡੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। 


1400 ਕਿੱਲੋ ਹੈਰੋਇਨ ਨਾਲ ਜੁੜੇ ਨੇ ਤਾਰ


NCB ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਕਸ਼ੈ ਛਾਬੜਾ, ਜੋ ਕਿ ਲੁਧਿਆਣਾ ਤੋਂ ਦੇਸ਼ ਅਤੇ ਵਿਦੇਸ਼ ਵਿੱਚ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਚਲਾ ਰਿਹਾ ਸੀ, ਪੰਜਾਬ ਦੇ ਆਈਸੀਪੀ ਅਟਾਰੀ ਬਾਰਡਰ ਤੋਂ 1400 ਕਿਲੋ ਹੈਰੋਇਨ ਦੀ ਖੇਪ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੇ ਜੰਮੂ ਕਸ਼ਮੀਰ ਵਿੱਚ ਭੇਜਣ ਦਾ ਮਾਸਟਰਮਾਈਂਡ ਸੀ। ਇਸ ਖੇਪ ਨੂੰ ਇਨ੍ਹਾਂ ਦੋਵਾਂ ਥਾਵਾਂ 'ਤੇ ਭੇਜਣ ਤੋਂ ਬਾਅਦ ਦੋਸ਼ੀ ਇਸ ਨੂੰ ਵਿਦੇਸ਼ ਭੇਜਣ ਦੀ ਤਿਆਰੀ ਕਰ ਰਿਹਾ ਸੀ, ਇਸ ਤੋਂ ਪਹਿਲਾਂ ਐੱਨਸੀਬੀ ਨੇ ਅਕਸ਼ੈ ਛਾਬੜਾ ਦੇ ਇਸ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ। ਜ਼ਿਕਰ ਕਰ ਦਈਏ ਕਿ ਅਕਸ਼ੈ ਛਾਬੜਾ ਅਤੇ ਜਸਪਾਲ ਸਿੰਘ ਉਰਫ ਗੋਲਡੀ ਤੋਂ ਇਲਾਵਾ ਐਨਸੀਬੀ ਨੇ ਇਸ ਰੈਕੇਟ ਵਿੱਚ ਸ਼ਾਮਲ ਹੋਰ ਸਮੱਗਲਰਾਂ ਦੀ 57 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। 



ਜੇ ਅੰਮ੍ਰਿਤਪਾਲ ਸਿੰਘ ਹੋਇਆ ਕੋਈ ਨੁਕਸਾਨ ਤਾਂ...


ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਕੁਝ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਤਬਦੀਲ ਕਰ ਰਹੀ ਹੈ। ਜੇ ਇਸ ਕਾਰਨ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਦੀ ਜਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।