ਅੰਮ੍ਰਿਤਸਰ: ਸ਼ਹਿਰ ਵਿੱਚ ਲੁਟੇਰੇ ਬੇਖ਼ੌਫ਼ ਹੋ ਕੇ ਬਿਨਾਂ ਕਿਸੇ ਦੀ ਪ੍ਰਵਾਹ ਤੋਂ ਸ਼ਰ੍ਹੇਆਮ ਆਪਣੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੋਪਾਲ ਨਗਰ ਤੋਂ ਹੈ, ਜਿੱਥੇ ਦੋ ਲੁਟੇਰਿਆਂ ਨੇ ਇੱਕ ਔਰਤ ਤੋਂ ਬੈਗ਼ ਖੋਹ ਲਿਆ ਤੇ ਨਾਲ ਹੀ ਉਸ ਨੂੰ ਦੂਰ ਤਕ ਘੜ੍ਹੀਸਦੇ ਲੈ ਗਏ।



ਗੋਪਾਲ ਨਗਰ ਦੀ ਨਿਵਾਸੀ ਵੀਨਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਘਰ ਅੰਦਰ ਜਾਣ ਲਈ ਦਰਵਾਜ਼ਾ ਖੜਕਾ ਰਹੀ ਸੀ ਕਿ ਇੱਕਦਮ ਦੋ ਮੋਟਰਸਾਈਕਲ ਸਵਾਰ ਲੜਕੇ ਉਸ ਕੋਲ ਆਏ। ਉਨ੍ਹਾਂ ਉਸ ਤੋਂ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬੈਗ ਨਹੀਂ ਛੱਡਿਆ। ਲੁਟੇਰੇ ਨੇ ਮੋਟਰਸਾਈਕਲ ਭਜਾ ਲਿਆ ਤੇ ਉਸ ਨੂੰ ਕਾਫੀ ਦੂਰੀ ਤਕ ਘੜੀਸਦੇ ਲੈ ਗਏ ਪਰ ਵੀਨਾ ਸ਼ਰਮਾ ਦੇ ਹੱਥੋਂ ਬੈਗ ਛੁੱਟ ਗਿਆ ਤੇ ਲੁਟੇਰੇ ਫਰਾਰ ਹੋ ਗਏ।



ਪੀੜਤ ਮਹਿਲਾ ਨੇ ਦੱਸਿਆ ਕਿ ਬੈਗ ਵਿੱਚ 1,200 ਦੇ ਕਰੀਬ ਨਗਦੀ ਤੇ ਕੁਝ ਜ਼ਰੂਰੀ ਕਾਗਜ਼ਾਤ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੁਟੇਰੇ ਸੀਸੀਟੀਵੀ ਵਿੱਚ ਆਏ ਗਏ ਹਨ ਅਤੇ ਜਲਦੀ ਹੀ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।