Sniffer dogs: ਪੰਜਾਬ ਵਿੱਚ ਗ਼ੈਰ ਕਾਨੂੰਨੀ ਸ਼ਰਾਬ ਸਰਕਾਰ ਲਈ ਸਭ ਤੋਂ ਵੱਡੀ ਸਿਰ ਦਰਦ ਬਣ ਗਈ ਹੈ। ਜਿਸ ਨਾਲ ਸੂਬੇ ਦੇ ਮਾਲੀਆ ਨੂੰ ਸਿੱਧਾ ਨੁਕਸਾਨ ਪਹੁੰਚ ਰਿਹਾ ਹੈ। ਅਤੇ ਪੰਜਾਬ ਸਰਕਾਰ ਵੱਲੋਂ ਜੋ ਰੈਵਿਨਿਊ ਦਾ ਟਾਰਗੇਟ ਰੱਖਿਆ ਹੋਇਆ ਹੈ ਉਹ ਵੀ ਪੂਰਾ ਨਹੀਂ ਹੋ ਰਿਹਾ। ਜਿਸ ਨੂੰ ਦੇਖਦੇ ਹੋਏ ਹੁਣ ਆਬਕਾਰੀ ਵਿਭਾਗ ਨੇ ਇੱਕ ਵੱਡਾ ਫੈਸਲਾ ਲਿਆ ਹੈ।
ਪੰਜਾਬ ਵਿੱਚ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਹੁਣ ਖੋਜੀ ਕੁੱਤੇ (ਸੁੰਘਣ ਵਾਲੇ) ਭਰਤੀ ਕੀਤੇ ਜਾਣਗੇ। ਜਿਵੇਂ ਪੰਜਾਬ ਪੁਲਿਸ ਵਿੱਚ ਖੋਜੀ ਕੁੱਤੇ ਭਰਤੀ ਕੀਤੀ ਜਾਂਦੇ ਹਨ ਉਸੇ ਤਰ੍ਹਾਂ ਹੁਣ ਆਬਕਾਰੀ ਵਿਭਾਗ ਵਿੱਚ ਸੁੰਘਣ ਵਾਲੇ ਕੁੱਤੇ ਭਰਤੀ ਕੀਤੇ ਜਾਣਗੇ।
ਪੁਲਿਸ ਤੋਂ ਬਾਅਦ ਪੰਜਾਬ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਆਬਕਾਰੀ ਵਿਭਾਗ ਖੋਜੀ ਕੁੱਤਿਆਂ ਦਾ ਸਹਾਰਾ ਲਵੇਗਾ।ਵਿਭਾਗ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ 'ਚ ਕੁੱਤੇ ਖ਼ਰੀਦਣ ਦਾ ਫ਼ੈਸਲਾ ਕਰ ਲਿਆ ਗਿਆ ਹੈ।
ਹੁਣ ਤੱਕ ਨਸ਼ੀਲੇ ਤੇ ਵਿਸਫੋਟਕ ਪਦਾਰਥ ਲੱਭਣ ਲਈ ਪੁਲਿਸ ਜਾਂ ਅਰਧ ਸੈਨਿਕ ਬਲ ‘ਸੁੰਘਣ ਵਾਲੇ ਕੁੱਤੇ’ ਦੀ ਮੱਦਦ ਲੈਂਦੇ ਰਹੇ ਹਨ। ਪਰ ਹੁਣ ਪੰਜਾਬ 'ਚ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਰੋਕਣ ਲਈ ਸੁੰਘਣ ਵਾਲੇ ਕੁੱਤਿਆਂ ਨੂੰ ਸ਼ਰਾਬ ਦੀ ਭਾਲ ਕਰਦੇ ਦੇਖਿਆ ਜਾਵੇਗਾ।
ਜਾਣਕਾਰੀ ਮੁਤਾਬਕ ਆਬਕਾਰੀ ਵਿਭਾਗ ਨੂੰ ਸੁੰਘਣ ਵਾਲੇ ਕੁੱਤਿਆਂ ਦੀ ਲੋੜ ਇਸ ਲਈ ਮਹਿਸੂਸ ਹੋ ਰਹੀ ਹੈ ਕਿਉਂਕਿ ਪੰਜਾਬ ਦੇ ਦਰਿਆਈ ਇਲਾਕਿਆਂ 'ਚ ਲੰਬੇ ਸਮੇਂ ਤੋਂ ਗ਼ੈਰ-ਕਾਨੂੰਨੀ ਸ਼ਰਾਬ ਬਣਾਉਣ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਅਤੇ ਆਬਕਾਰੀ ਵਿਭਾਗ ਇਸ ਨੂੰ ਉਮੀਦ ਮੁਤਾਬਕ ਫੜ ਨਹੀਂ ਪਾ ਰਹੇ ਹਨ।