ਚੰਡੀਗੜ੍ਹ : ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ 'ਤੇ ਇਲਜ਼ਾਮ ਹਨ ਕਿ ਉਹਨਾ ਨੇ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਤਿਆਰ ਕਰਕੇ ਕਰੀਬ 34 ਸਾਲ ਅਧਿਆਪਕ ਦੀ ਨੌਕਰੀ ਕੀਤੀ। ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜਿਹਨਾਂ ਨੇ ਵੀ ਜਾਅਲੀ ਅਨੁਸੂਚਿਤ ਜਾਤੀ ਦੇ ਸਰਟੀਫਿਕੇਟ ਬਣਵਾਏ ਹਨ ਉਹਨਾਂ ਖਿਲਾਫ਼ 15 ਦਿਨਾਂ ਅੰਦਰ ਕਾਰਵਾਈ ਕੀਤੀ ਜਾਵੇ। ਮੋਹਾਲੀ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਸ ਮੋਰਚੇ ਨੇ ਪੰਜਾਬ ਸਰਕਾਰ ਨੂੰ ਅਜਿਹੇ 93 ਸ਼ਿਕਾਇਤਾਂ ਭੇਜੀਆਂ ਸਨ ਜਿਹਨਾਂ ਨੇ ਨਕਲੀ ਐਸ.ਸੀ ਸਰਟੀਫਿਕੇਟ ਤਿਆਰ ਕੀਤੇ ਸਨ ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ। 



ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਕਿਹਾ ਕਿ ਉਹ ਸਾਰੇ ਸਰਕਾਰੀ ਵਿਭਾਗਾਂ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਕਿ ਰਾਖਵੇਂਕਰਨ ਦੇ ਦਾਅਵੇ ਨਾਲ ਸਬੰਧਤ ਦਸਤਾਵੇਜ਼ ਦੀ ਸਬੰਧਤ ਵਿਅਕਤੀ ਦੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਡੁਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਵਿਭਾਗ ਨੂੰ ਜਾਤੀ ਆਧਾਰਤ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵਿੱਚ ਲੋੜੀਂਦੇ ਸੁਧਾਰਾਂ ਸਬੰਧੀ ਪ੍ਰਸਤਾਵ ਤਿਆਰ ਕਰਨ ਲਈ ਵੀ ਕਿਹਾ ਤਾਂ ਜੋ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।


 





 ਹਰਪਾਲ ਚੀਮਾ ਨੇ ਵਿਭਾਗ ਨੂੰ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਦੇ ਆਧਾਰ 'ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਵਿਅਕਤੀਆਂ ਵਿਰੁੱਧ ਪ੍ਰਾਪਤ ਹੋਈਆਂ 93 ਸ਼ਿਕਾਇਤਾਂ ਦਾ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਲਈ ਕਿਹਾ ਹੈ। ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਨੇ ਅੰਮ੍ਰਿਤ ਮਾਨ ਦੇ ਪਿਤਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਮੋਰਚੇ ਦੇ ਲੀਡਰ ਪ੍ਰੋਫੈਸਰ ਹਰਨੇਕ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਨੇ ਦਲਿਤਾਂ ਦਾ ਹੱਕ ਖਾਧਾ ਹੈ। ਮੋਰਚੇ ਨੇ ਦੱਸਿਆ ਕਿ ਅਸੀਂ 1500 ਦੇ ਕਰੀਬ ਬੰਦਿਆਂ ਦੀ ਸ਼ਨਾਖਤ ਕਰ ਚੁੱਕੇ ਹਾਂ ਜਿਹਨਾਂ ਵਿੱਚ ਅੰਮ੍ਰਿਤ ਮਾਨ ਦਾ ਪਿਤਾ ਵੀ ਉਹਨਾਂ ਵਿਚੋਂ ਇੱਕ ਹੈ। ਅਤੇ ਸਰਕਾਰ ਨੂੰ 93 ਅਜਿਹੇ ਵੱਡੇ ਨਾਮਾਂ ਦੀ ਸੂਚੀ ਦਿੱਤੀ ਸੀ ਜੋ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਹਨ ਜਾਂ ਰਿਟਾਇਰਡ ਹੋ ਗਏ ਹਨ। 


ਇਸ ਤੋਂ ਪਹਿਲਾਂ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ 12 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪਰ ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਬੰਦ ਦੀ ਇਸ ਕਾਲ ਨੂੰ ਮੁਲਤਵੀ ਕਰ ਦਿੱਤਾ ਸੀ।