Ludhiana News: ਲੁਧਿਆਣਾ ਵਿੱਚ ਚੋਣ ਅਖਾੜਾ ਭੱਖਿਆ ਹੋਇਆ ਹੈ, ਉੱਥੇ ਹੀ ਕਈ ਆਗੂਆਂ ਪਾਰਟੀ ਬਦਲਣ ‘ਤੇ ਜ਼ੋਰ ਦਿੱਤਾ ਹੋਇਆ ਹੈ, ਚੋਣਾਂ ਤੋਂ ਪਹਿਲਾਂ ਵੱਡੇ ਉਲਟਫੇਰ ਦਾ ਸਿਲਸਿਲਾ ਚੱਲ ਰਿਹਾ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਜ਼ਿਮਨੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਭਾਜਪਾ ਆਗੂ ਸੋਹਨ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿੱਚ ਘਰ ਵਾਪਸੀ ਕਰਵਾਈ ਹੈ।
SAD ਪ੍ਰਧਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, "ਮੈਂ ਸਾਬਕਾ ਅਕਾਲੀ ਮੰਤਰੀ ਸ. ਸੋਹਣ ਸਿੰਘ ਠੰਡਲ ਦਾ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ‘ਤੇ ਦਿਲੋਂ ਸਵਾਗਤ ਕਰਦਾ ਹਾਂ । ਉਨ੍ਹਾਂ ਦੀ ਘਰ ਵਾਪਸੀ ਦੁਆਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੇਗੀ ਅਤੇ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਵਿੱਚ ਵੀ ਪਾਰਟੀ ਨੂੰ ਇਸਦਾ ਲਾਭ ਮਿਲੇਗਾ ।
ਆਮ ਆਦਮੀ ਪਾਰਟੀ 'ਤੇ ਕੱਢੀ ਭੜਾਸ
ਉੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਥੋੜੇ ਦਿਨਾਂ ਵਾਸਤੇ ਡਿਪੋਰਟੇਸ਼ਨ ‘ਤੇ ਗਏ ਹੋਏ ਸਨ ਪਰ ਹੁਣ ਆਪਣੀ ਮਾਂ ਪਾਰਟੀ ਵਿੱਚ ਆ ਗਏ ਹਨ। ਨਾਲ ਹੀ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਹੋਇਆਂ ਕਿਹਾ ਕਿ ਪੰਜਾਬ ਦੀ ਸਰਕਾਰ ਕੇਜਰੀਵਾਲ ਚਲਾ ਰਹੇ ਹਨ। ਕੇਜਰੀਵਾਲ ਦੇ ਸਾਰੇ ਸਕੱਤਰ, ਪੀਏ ਅਤੇ ਸਟਾਫ ਹੁਣ ਪੰਜਾਬ ਵਿੱਚ ਆ ਗਿਆ ਹੈ। ਪੰਜਾਬ ਦੇ ਸਿਵਲ ਸਕੱਤਰੇਤ ਦਾ ਕੰਟਰੋਲ ਹੁਣ ਉਨ੍ਹਾਂ ਦੇ ਹੱਥਾਂ ਵਿੱਚ ਹੈ। ਮੁੱਖ ਮੰਤਰੀ ਸਿਰਫ ਪੰਜਾਬ ਦੀਆਂ ਸਹੂਲਤਾਂ ਲੈਣ ਲਈ ਰੱਖਿਆ ਹੈ, ਬਾਦਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਕਿਸ ਆਧਾਰ ‘ਤੇ ਪੰਜਾਬ ਵਿੱਚ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ।
ਮੈਂ ਵਕੀਲਾਂ ਨਾਲ ਉਨ੍ਹਾਂ ਗੁਪਤ ਮੀਟਿੰਗਾਂ ਬਾਰੇ ਗੱਲ ਕਰ ਰਿਹਾ ਹਾਂ ਜੋ ਹੁੰਦੀਆਂ ਹਨ ਅਤੇ ਪੰਜਾਬ ਦੀਆਂ ਸਾਰੀਆਂ ਫਾਈਲਾਂ ਕੇਜਰੀਵਾਲ ਅਤੇ ਸਿਸੋਦੀਆ ਨੂੰ ਦਿਖਾਈਆਂ ਜਾ ਰਹੀਆਂ ਹਨ। ਉਹ ਇਨ੍ਹਾਂ ਫਾਈਲਾਂ 'ਤੇ ਫੈਸਲੇ ਲੈ ਰਹੇ ਹਨ। ਸੁਖਬੀਰ ਨੇ ਕਿਹਾ ਕਿ ਮੈਂ ਹਲਕਾ ਪੱਛਮੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੋਟ ਪਾਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਤੁਲਨਾ ਬਾਕੀ ਸਾਰੇ ਉਮੀਦਵਾਰਾਂ ਨਾਲ ਕਰਨ। ਸਾਡਾ ਉਮੀਦਵਾਰ ਸਭ ਤੋਂ ਵਧੀਆ ਹੈ। ਜੇਕਰ ਲੋਕ ਵਿਕਾਸ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਸੂਬਾ ਪਾਰਟੀ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ।