ਚੰਡੀਗੜ੍ਹ: ਕਿਸਾਨੀ ਅੰਦੋਲਨ ਵਿੱਚ ਸਰਗਰਮ ਰਹੀ ਅਦਾਕਾਰਾ ਸੋਨੀਆ ਮਾਨ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੀ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੋਨੀਆ ਮਾਨ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਜਾਏਗਾ। ਇਹ ਵੀ ਚਰਚਾ ਹੈ ਕਿ ਉਸ ਨੂੰ ਮੁਹਾਲੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਜਾ ਸਕਦਾ ਹੈ।
ਦੂਜੇ ਪਾਸੇ ਇਹ ਰਿਪੋਰਟ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ਉੱਪਰ ਸੋਨੀਆ ਮਾਨ ਦੀ ਕਾਫੀ ਅਲੋਚਨਾ ਹੋ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੀ ਖਫਾ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ), ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ ਤੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਾ ਰਹੀ ਸੋਨੀਆ ਮਾਨ ’ਤੇ ਕਿਸਾਨੀ ਸੰਘਰਸ਼ ਨੂੰ ਕਥਿਤ ਤੌਰ ’ਤੇ ਵੇਚਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਪਹਿਲੇ ਦਿਨ ਤੋਂ ਹੀ ਇਹ ਸ਼ੱਕ ਸੀ ਕਿ ਸੋਨੀਆ ਮਾਨ ਕਿਸਾਨੀ ਸੰਘਰਸ਼ ਦੀ ਆੜ ਹੇਠ ਰਾਜਨੀਤੀ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੋਨੀਆ ਮਾਨ ਨੇ ਸਿਆਸੀ ਪਾਰਟੀ ਦੀ ਟਿਕਟ ’ਤੇ ਚੋਣ ਲੜਨੀ ਸੀ ਤਾਂ ਉਹ ਕਿਸਾਨੀ ਸੰਘਰਸ਼ ਦਾ ਹਿੱਸਾ ਕਿਉਂ ਬਣੇ। ਉਨ੍ਹਾਂ ਐਲਾਨ ਕੀਤਾ ਕਿ ਚੋਣਾਂ ਦੌਰਾਨ ਸੋਨੀਆ ਮਾਨ ਦਾ ਪਿੰਡਾਂ ਵਿੱਚ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ।
ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਮੌਕੇ ਸਮਝੌਤੇ ਤਹਿਤ ਮੁਹਾਲੀ ਹਲਕੇ ਦੀ ਸੀਟ ਬਸਪਾ ਨੂੰ ਦਿੱਤੀ ਗਈ ਸੀ। ਪਿਛਲੇ ਦਿਨੀਂ ਬਸਪਾ ਨੇ ਗੁਰਮੀਤ ਸਿੰਘ ਬਾਕਰਪੁਰ ਨੂੰ ਮੁਹਾਲੀ ਹਲਕੇ ਦਾ ਇੰਚਾਰਜ ਥਾਪਿਆ ਸੀ। ਬਾਕਰਪੁਰ ਨੇ ਬਸਪਾ ਦੀ ਟਿਕਟ ’ਤੇ ਚੋਣ ਲੜਨ ਸਬੰਧੀ ਸਮੁੱਚੇ ਹਲਕੇ ਅੰਦਰ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਹੁਣ ਚਰਚਾ ਹੈ ਕਿ ਅਕਾਲੀ ਦਲ ਵੱਲੋਂ ਸੋਨੀਆ ਮਾਨ ਨੂੰ ਚੋਣ ਲੜਾਉਣ ਲਈ ਬਸਪਾ ਨੂੰ ਦਿੱਤੀ ਮੁਹਾਲੀ ਹਲਕੇ ਦੀ ਸੀਟ ਵਾਪਸ ਲਈ ਜਾ ਰਹੀ ਹੈ।