Punjab News: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Singh Badal) 'ਤੇ ਹੋਏ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਤੇ 'ਆਪ' ਸਰਕਾਰ ਆਹਮੋ-ਸਾਹਮਣੇ ਹੋ ਗਈ ਹੈ।  ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ 'ਆਪ' ਲੀਡਰਸ਼ਿਪ ਤੇ ਮੰਤਰੀ ਸੁਖਬੀਰ ਦੀ ਜਾਨ ਬਚਾਉਣ ਦਾ ਸਿਹਰਾ ਪੰਜਾਬ ਪੁਲਿਸ ਨੂੰ ਦੇ ਰਹੇ ਹਨ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ਦੀ ਸੁਖਬੀਰ ਪ੍ਰਤੀ ਹਮਦਰਦੀ ਦੇ ਕੋਣ ਤੋਂ ਜਾਂਚ ਕਰਨਗੇ।


ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ (Bikram Majithia) ਨੇ ਸ੍ਰੀ ਹਰਿਮੰਦਰ ਸਾਹਿਬ ਦੀ CCTV ਫੁਟੇਜ ਜਾਰੀ ਕੀਤੀ। ਇਸ ਵਿੱਚ ਉਹ ਦਾਅਵਾ ਕਰਦਾ ਹੈ ਕਿ 4 ਦਸੰਬਰ ਨੂੰ ਹੋਏ ਹਮਲੇ ਤੋਂ ਇੱਕ ਦਿਨ ਪਹਿਲਾਂ 3 ਦਸੰਬਰ ਨੂੰ ਅੰਮ੍ਰਿਤਸਰ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੇ ਹਮਲਾਵਰ ਨਰਾਇਣ ਸਿੰਘ ਚੌੜਾ (narain singh chaura)ਨਾਲ ਮੁਲਾਕਾਤ ਕੀਤੀ ਸੀ।






ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਵੀ SP ਵੱਲੋਂ ਚੌੜਾ ਨਾਲ ਹੱਥ ਮਿਲਾਉਣ 'ਤੇ ਸਵਾਲ ਉਠਾਏ ਹਨ। ਆਖ਼ਰ ਚੌੜਾ ਨੂੰ ਉਸੇ ਵੇਲੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ? ਇਸ ਸਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।






ਕੌਣ ਹੈ ਨਰਾਇਣ ਸਿੰਘ ਚੌੜਾ ?


ਹਾਸਲ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੌੜਾ ਦਾ ਰਹਿਣ ਵਾਲਾ ਨਰਾਇਣ ਸਿੰਘ ਚੌੜਾ ਖਾਲਿਸਤਾਨੀ ਐਕਟੀਵਿਸਟ ਰਿਹਾ ਹੈ। ਇਸ ਸਮੇਂ ਵੀ ਉਹ ਖਾਲਿਸਤਾਨ ਦੀ ਮੰਗ ਦਾ ਸਮਰਥਕ ਹੈ, ਭਾਵ ਭਾਰਤ ਤੋਂ ਸਿੱਖਾਂ ਲਈ ਵੱਖਰੇ ਦੇਸ਼ ਦੀ ਲੜਾਈ ਵਿੱਚ ਸਰਗਰਮ ਹੈ। ਅਜਿਹੇ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ? ਕੀ ਇਸ ਪਿੱਛੇ ਕੋਈ ਵਿਦੇਸ਼ੀ ਏਜੰਸੀ ਜਾਂ ਖਾਲਿਸਤਾਨੀ ਸੰਗਠਨ ਹੈ?