ਚੰਡੀਗੜ੍ਹ :  ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦੇ ਚੌਥੇ ਸੈਸ਼ਨ ਦੀ ਬੈਠਕ 19 ਜੂਨ, 2023 ਨੂੰ ਸੱਦੀ ਹੈ। ਇਸ ਸਬੰਧੀ ਅਧਿਕਾਰਤ ਤੌਰ 'ਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ-16 ਦੇ ਦੂਜੇ ਸ਼ਰਤੀ ਉਪਬੰਧ ਤਹਿਤ ਸਪੀਕਰ ਨੇ 16ਵੀਂ ਪੰਜਾਬ ਵਿਧਾਨ ਸਭਾ, ਜਿਸ ਨੂੰ 22 ਮਾਰਚ, 2023 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਉਸ ਨੂੰ 19 ਜੂਨ, 2023 (ਸੋਮਵਾਰ)  ਬਾਅਦ ਦੁਪਹਿਰ 2:00 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ, ਚੰਡੀਗੜ੍ਹ ਵਿਖੇ ਚੌਥੇ ਸੈਸ਼ਨ ਦੀ ਬੈਠਕ ਲਈ ਇਕੱਤਰ ਹੋਣ ਲਈ ਬੁਲਾਇਆ ਹੈ।



ਇਸ ਤੋਂ ਬਾਅਦ ਸੈਸ਼ਨ ਦੀ ਮਨਜੂਰੀ ਲੈਣ ਲਈ ਫਾਇਲ ਨੂੰ ਰਾਜਪਾਲ ਕੋਲ ਭੇਜਿਆ ਜਾਵੇਗਾ। ਹਲਾਂਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫੰਰਸ ਦੌਰਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਫ਼ ਕਰ ਦਿੱਤਾ ਸੀ ਕਿ ਸਰਕਾਰ ਨੇ ਜੋ ਵੀ ਫੈਸਲੇ ਲਏ ਹਨ ਉਹਨਾਂ ਨੂੰ ਉਸ 'ਤੇ ਕੋਈ ਇਤਰਾਜ ਨਹੀਂ ਹੈ ਜੇਕਰ ਸਰਕਾਰ ਨੇ ਸੈਸ਼ਨ ਬੁਲਾਇਆ ਹੈ ਤਾਂ ਇਸ ਨੂੰ ਮੈਂ ਜ਼ਰੂਰ ਮਨਜ਼ੂਰੀ ਦੇਵਾਂਗਾ। 



ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਨੇ ਬਜਟ ਸੈਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਸੀ। ਉਸ ਸਮੇਂ ਸਰਕਾਰ ਤੇ ਰਾਜਪਾਲ ਵਿਚਾਲੇ ਤਲਖੀਆਂ ਕਾਫ਼ੀ ਵੱਧ ਗਈਆਂ ਸਨ। ਇਸ ਦੀ ਸ਼ੁਰੂਆਤ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੀ ਨਿਯੁਕਤੀ ਨੂੰ ਅਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੀ ਵੀਸੀ ਦੀ ਨਿਯੁਕਤੀ ਰੋਕੇ ਜਾਣ 'ਤੇ ਹੋਈ ਸੀ। ਬੀਤੇ ਦਿਨ ਵੀ 'ਮੇਰੀ ਸਰਕਾਰ' ਸ਼ਬਦ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਾਫ਼ੀ ਤਕਰਾਰ ਦੇਖਣ ਨੂੰ ਮਿਲੀ। 



ਦਰਅਸਲ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਸਪੀਚ ਦੇਣ ਮੌਕੇ ਗਵਰਨਰ ਨੇ ਜਦੋਂ 'ਮੇਰੀ ਸਰਕਾਰ' ਸ਼ਬਦ ਨਹੀਂ ਬੋਲਿਆ ਤਾਂ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਸੀ। ਇਹ ਦਾਅਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਅੱਜ ਰਾਜਪਾਲ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫੰਰਸ ਕਰਕੇ ਸਵਾਲ ਖੜ੍ਹਾ ਕੀਤਾ ਕਿ ਸਰਕਾਰ ਕੋਲੋ ਜੇਕਰ ਕੋਈ ਸਬੂਤ ਹੈ ਕਿ ਮੈਂ 'ਮੇਰੀ ਸਰਕਾਰ' ਨਹੀਂ ਬੋਲਿਆ ਤਾਂ ਉਸ ਨੂੰ ਸਾਹਮਣੇ ਲਿਆਂਦਾ ਜਾਵੇ।


 


ਪੰਜਾਬ ਦੇ ਰਾਜਪਾਲ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤੀ। ਜਿਸ ਵਿੱਚ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ ਆਪਣਾ ਭਾਸ਼ਣ ‘ਮੇਰੀ ਸਰਕਾਰ’ ਸ਼ਬਦ ਤੋਂ ਸ਼ੁਰੂ ਕੀਤਾ ਸੀ ਪਰ ਜਦੋਂ ਵਿਰੋਧੀ ਧਿਰ ਵੱਲੋਂ ਬਿਨਾਂ ਕਿਸੇ ਤਰਕ ਦੇ ਰੌਲਾ ਪਾਇਆ ਗਿਆ ਤਾਂ ਉਨ੍ਹਾਂ ਨੇ ਸਿਰਫ਼ ‘ਸਰਕਾਰ’ ਸ਼ਬਦ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ਹਾਲਾਂਕਿ ਜਦੋਂ ਉਨ੍ਹਾਂ ਨੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਯਾਦ ਕਰਵਾਇਆ ਤਾਂ ਉਨ੍ਹਾਂ ਆਪਣਾ ਰੁਖ਼ ਬਦਲ ਲਿਆ ਅਤੇ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਰਿਕਾਰਡ ਤੋਂ ਮਿਲੀ ਵੀਡੀਓ ਰਿਕਾਰਡਿੰਗ ਇਸ ਗੱਲ ਦਾ ਸਬੂਤ ਹੈ ਕਿ ਰਾਜਪਾਲ ਚੁਣੀ ਹੋਈ ਸੂਬਾ ਸਰਕਾਰ ਪ੍ਰਤੀ ਵਿਰੋਧੀ ਰਵੱਈਆ ਅਪਣਾ ਰਹੇ ਹਨ। ਹੁਣ ਸਵਾਲ ਇਹ ਖੜ੍ਹ ਹੁੰਦਾ ਹੈ ਕਿ ਕੀ ਭਗਵੰਤ ਮਾਨ ਦੇ ਰਾਤ ਵਾਲੇ ਟਵੀਟ ਨੁੰ ਦੇਖ ਕੇ ਰਾਜਪਾਲ ਆਪਣਾ ਫੈਸਲਾ ਬਦਲ ਤਾਂ ਨਹੀਂ ਲੈਣਗੇ ?