Punjab News: ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਚੌਥੇ ਦਿਨ ਵੀਰਵਾਰ ਨੂੰ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਨਾਲ ਹੋਏ ਮਾੜੇ ਸਲੂਕ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ। ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੇ 73 ਸਾਲਾ ਹਰਜੀਤ ਕੌਰ ਨੂੰ ਡਿਪੋਰਟ ਕਰਨ ਦਾ ਮਾਮਲਾ ਸੰਸਦ ਵਿੱਚ ਚੁੱਕਿਆ। ਦੱਸ ਦਈਏ ਕਿ 73 ਸਾਲਾ ਹਰਜੀਤ ਕੌਰ ਨੂੰ ਹਥਕੜੀਆਂ ਲਾ ਕੇ ਡਿਪੋਰਟ ਕੀਤਾ ਗਿਆ ਸੀ। ਇਸ ਮੁੱਦੇ ਨੂੰ ਲੈਕੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਵੱਡਾ ਬਿਆਨ ਦਿੱਤਾ ਹੈ। 

Continues below advertisement

ਇਸ ਮੁੱਦੇ ਬਾਰੇ ਬੋਲਦਿਆਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਜਾਂਚ ਅਤੇ ਹਰਜੀਤ ਕੌਰ ਦੇ ਆਪਣੇ ਵਕੀਲ ਦੇ ਰਿਕਾਰਡ ਅਨੁਸਾਰ ਉਸ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ। ਹਾਲਾਂਕਿ ਮੰਤਰੀ ਨੇ ਪੁਸ਼ਟੀ ਕੀਤੀ ਕਿ ਫਲਾਈਟ 'ਚ ਬਿਠਾਏ ਜਾਣ ਤੋਂ ਪਹਿਲਾਂ ਹਿਰਾਸਤ ਦੌਰਾਨ ਹਰਜੀਤ ਕੌਰ ਨਾਲ ਮਾੜਾ ਸਲੂਕ ਕੀਤਾ ਗਿਆ ਸੀ। ਭਾਰਤ ਨੇ 26 ਸਤੰਬਰ ਨੂੰ ਅਮਰੀਕੀ ਦੂਤਾਵਾਸ ਨੂੰ ਇੱਕ ਰਸਮੀ ਨੋਟ ਜਾਰੀ ਕਰ ਕੇ ਇਸ ਸਲੂਕ 'ਤੇ ਸਖ਼ਤ ਚਿੰਤਾ ਪ੍ਰਗਟ ਕੀਤੀ ਸੀ।

Continues below advertisement

ਇਸ ਤੋਂ ਬਾਅਦ ਸੰਸਦ ਮੈਂਬਰ ਹਾਰਿਸ ਬੀਰਨ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਲਗਭਗ 6,000 F ਸ਼੍ਰੇਣੀ ਦੇ ਵੀਜ਼ੇ (ਮੁੱਖ ਤੌਰ 'ਤੇ ਵਿਦਿਆਰਥੀ ਵੀਜ਼ੇ) ਰੱਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੀਜ਼ੇ ਰੱਦ ਹੋਣ ਦਾ ਇੱਕ ਕਾਰਨ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪੋਸਟ, ਜਿਵੇਂ ਕਿ ਗ਼ਾਜ਼ਾ ਪ੍ਰਤੀ ਸਮਰਥਨ ਜ਼ਾਹਰ ਕਰਨਾ ਸੀ।

ਜੈਸ਼ੰਕਰ ਨੇ ਕਿਹਾ ਕਿ ਵੀਜ਼ਾ ਰੱਦ ਕਰਨ ਦੀ ਇਹ ਲਹਿਰ ਅਪ੍ਰੈਲ 2025 ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੁਆਰਾ ਐਲਾਨੀ ਗਈ ਇੱਕ ਨਵੀਂ ਨੀਤੀ ਦਾ ਨਤੀਜਾ ਹੈ, ਜਿਸ ਅਨੁਸਾਰ ਕੁਝ ਮਾਮੂਲੀ ਅਪਰਾਧਾਂ ਕਾਰਨ ਵੀ ਕਈ ਲੋਕਾਂ ਦੇ ਵੀਜ਼ੇ ਰੱਦ ਕੀਤੇ ਗਏ ਸਨ। ਅਮਰੀਕਾ ਹਰ ਵੀਜ਼ਾ ਨੂੰ ਰਾਸ਼ਟਰੀ ਸੁਰੱਖਿਆ ਦਾ ਫੈਸਲਾ ਮੰਨਦਾ ਹੈ। ਅਮਰੀਕੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਲਈ ਉਨ੍ਹਾਂ ਨੂੰ ਪ੍ਰਾਈਵੇਟ ਤੋਂ ਪਬਲਿਕ ਕਰਨ ਦੀ ਲੋੜ ਪੈ ਸਕਦੀ ਹੈ।