Chandigarh News : ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ (ਜ਼ਿਲ੍ਹਾ ਰੋਪੜ) ਵਿਖੇ ਹੋਲਾ ਮੁਹੱਲਾ ਮਹੋਤਸਵ 6 ਤੋਂ 8 ਮਾਰਚ ਤੱਕ ਸਿੰਗਲ ਯੂਜ ਪਲਾਸਟਿਕ ਮੁਕਤ (ਐਸਯੂਪੀ ਫਰੀ) ਐਂਡ ਜ਼ੀਰੋ ਵੇਸਟ ਟੂ ਲੈਂਡਫਿਲ ਵਜੋਂ ਮਨਾਏ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।


ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਥਾਨਕ ਸਰਕਾਰਾਂ ਵਿਭਾਗ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਹੋਲਾ ਮੁਹੱਲਾ ਮਹੋਤਸਵ ਵਿੱਚ ਤਕਰੀਬਨ 40 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ 350 ਤੋਂ ਵੱਧ ਲੰਗਰ ਲਗਾਏ ਜਾ ਰਹੇ ਹਨ।

ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਉਦੇਸ਼ ਰਾਜ ਨੂੰ ਸਿੰਗਲ ਯੂਜ ਪਲਾਸਟਿਕ ਤੋਂ ਮੁਕਤ ਕਰਨਾ, ਕੂੜੇ ਦਾ ਸਹੀ ਪ੍ਰਬੰਧਨ ਅਤੇ ਜ਼ੀਰੋ ਵੇਸਟ ਟੂ ਲੈਂਡਫਿਲ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ। ਇਸ ਉਦੇਸ਼ ਨੂੰ ਪੁਰਾ ਕਰਨ ਲਈ ਕੂੜੇ ਵਾਲੀ ਥਾਂ ਤੋਂ ਹੀ ਗਿੱਲਾ ਅਤੇ ਸੁੱਕਾ ਕੁੜਾ ਵੱਖ ਵੱਖ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਗਿੱਲੇ ਅਤੇ ਸੂੱਕੇ ਕੂੜੇ ਨੂੰ ਐਮ ਆਰ ਐਫ ਮਸ਼ੀਨਾਂ ਰਾਹੀਂ ਕੰਪੋਸਟ ਕਰਕੇ ਇਸਦੀ ਖਾਦ ਬਣਾਈ ਜਾਵੇਗੀ।


ਇਹ ਵੀ ਪੜ੍ਹੋ : ਕੰਵਰਦੀਪ ਕੌਰ ਚੰਡੀਗੜ੍ਹ ਦੀ ਨਵੀਂ SSP ਨਿਯੁਕਤ , ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ , ਬਣੀ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ

ਕੈਬਨਿਟ ਮੰਤਰੀ ਨੇ ਕਿਹਾ ਕਿ ਸਿੰਗਲ ਯੂਜ ਪਲਾਸਟਿਕ ਮੁਕਤ ਅਤੇ ਜ਼ੀਰੋ ਵੇਸਟ ਲੈਂਡਫਿਲ ਦੇ ਉਦੇਸ਼ ਨੂੰ ਹਾਸਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੂਰੇ ਮੇਲਾ ਖੇਤਰ ਨੂੰ 8 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਨੇ ਕਿਹਾ ਸੂਬੇ ਦੀਆਂ 14 ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਤੋਂ ਸੈਨਟਰੀ ਇੰਸਪੈਕਟਰ, ਸੀਵਰਮੈਨ ਅਤੇ ਸਫਾਈ ਸੇਵਕਾਂ ਦੀਆਂ ਟੀਮਾਂ ਸਮੇਤ ਸਾਜ਼ੋ ਸਮਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਮੌਕੇ ਸਾਫ਼ ਸਫ਼ਾਈ ਦੇ ਉਦੇਸ਼ ਦੇ ਸਨਮੁੱਖ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਗੈਰ ਸਰਕਾਰੀ ਸੰਸਥਾਵਾਂ, ਕਾਲਜਾਂ ਅਤੇ ਸਕੂਲੀ ਵਿਦਿਆਰਥੀਆਂ ਦੀਆਂ 200 ਵਾਲੰਟੀਅਰ ਟੀਮਾਂ ਵੱਲੋਂ ਲੋਕਾਂ ਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਜ਼ੀਰੋ ਵੇਸਟ ਟੂ ਲੈਂਡਫਿਲ ਬਾਰੇ ਜਾਗਰੂਕ ਕਰਨ ਦਾ ਉਪਰਾਲਾ ਵੀ ਕੀਤਾ ਜਾਵੇਗਾ।



ਉਨ੍ਹਾਂ ਨੇ ਕਿਹਾ ਕਿ ਰਾਤ ਵੇਲੇ ਅਤੇ ਦਿਨ ਵੇਲੇ ਵੱਖ-ਵੱਖ ਸਫਾਈ ਟੀਮਾਂ ਦੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।  ਇਹ ਸਫਾਈ ਟੀਮਾਂ ਰਾਤ ਨੂੰ ਹੀ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਐਮ.ਆਰ.ਐਫ ਮਸ਼ੀਨਾਂ ਰਾਹੀਂ ਕੰਪੋਸਟ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਵੇਸਟੇਜ ਨਾਲ ਮੁੜ ਤਿਆਰ ਕੀਤੀਆਂ ਵਸਤਾਂਵਾ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹੋਲਾ ਮੁਹੱਲਾ ਮਹੋਤਸਵ ਵੇਲੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਦੀ ਵਰਤੋਂ ਵੀ ਕੀਤੀ ਜਾਵੇਗੀ।