ਪੰਜਾਬ ਦੇ ਚੀਫ਼ ਸੈਕਟਰੀ ਵੀਕੇ ਜੰਜੂਆਂ ਤੋਂ ਠੀਕ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਏ.ਵੇਣੂ ਪ੍ਰਸਾਦ ਸੇਵਾਮੁਕਤ ਹੋ ਗਏ ਹਨ। ਵਿਭਾਗ ਵਿੱਚ ਉਹਨਾਂ ਦਾ ਆਖਰੀ ਦਿਨ ਸੋਮਵਾਰ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਸੋਮਵਾਰ ਸੁਨਾਮ 'ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਸ਼ਾਮਲ ਹੋਣ ਕਰ ਕੇ ਸਰਕਾਰ ਕੋਈ ਹੁਕਮ ਜਾਰੀ ਨਹੀਂ ਕਰ ਸਕੀ। ਅਤੇ ਨਾ ਹੀ ਏ.ਵੇਣੂ ਪ੍ਰਸਾਦ ਦੀ ਸੇਵਾਮੁਕਤੀ ਦਾ ਕੋਈ ਸਮਾਗਮ ਕੀਤਾ ਗਿਆ ਹੈ। 


 ਹਾਲੇ ਤੱਕ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਨਵਾਂ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਨਹੀਂ ਕੀਤਾ ਗਿਆ ਹੈ। ਪਰ ਇਸ ਰੇਸ ਵਿੱਚ ਕਈ ਵੱਡੇ ਨਾਮ ਸ਼ਾਮਲ ਹਨ।  IAS ਅਧਿਕਾਰੀ ਵਿੱਤ ਕਮਿਸ਼ਨਰ ਮਾਲ ਕੇਏਪੀ ਸਿਨਹਾ ਤੇ ਰਵੀ ਭਗਤ 'ਚ ਦੌੜ ਲੱਗੀ ਦੱਸੀ ਜਾ ਰਹੀ ਹੈ। ਸੱਤਾ ਦੇ ਗਲਿਆਰਿਆ 'ਚ ਸਾਰਾ ਦਿਨ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ। 





ਵਿੱਤੀ ਕਮਿਸ਼ਨਰ ਵਿਕਾਸ ਕੇਏਪੀ ਸਿਨਹਾ ਮੁੱਖ ਮੰਤਰੀ ਦਾ ਵਿਸ਼ੇਸ਼ ਸਕੱਤਰ ਲੱਗਣ ਲਈ ਦੌੜ 'ਚ ਸ਼ਾਮਲ ਹਨ ਪਰ ਮੁੱਖ ਸਕੱਤਰ ਅਨੁਰਾਗ ਵਰਮਾ ਤੋਂ ਸੀਨੀਅਰ ਹੋਣ ਕਾਰਨ ਉਨ੍ਹਾਂ ਲਈ ਇਹ ਅਹੁਦਾ ਹਾਸਲ ਕਰਨਾ ਰੁਕਾਵਟ ਖੜ੍ਹੀ ਕਰ ਰਿਹਾ ਹੈ। ਕੇਏਪੀ ਸਿਨਹਾ ਮੁੱਖ ਮੰਤਰੀ ਨਾਲ ਲੱਗ ਜਾਂਦੇ ਹਨ ਤਾਂ ਉਨ੍ਹਾਂ ਲਈ ਬਤੌਰ ਮੁੱਖ ਸਕੱਤਰ ਖੁੱਲ੍ਹ ਕੇ ਕੰਮ ਕਰਨਾ ਸੌਖਾ ਨਹੀਂ ਹੋਵੇਗਾ।


ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ ਸਨ ਤਾਂ ਉਸ ਸਮੇਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਸਨ ਪਰ ਅਧਿਕਾਰੀ ਜ਼ਿਆਦਾ ਸੁਰੇਸ ਕੁਮਾਰ ਦੇ ਹੁਕਮ ਮੰਨਦੇ ਸਨ ਕਿਉਂਕਿ ਸੁਰੇਸ਼ ਕੁਮਾਰ ਸੀਨੀਅਰ ਸਨ। ਕਰਨ ਅਵਤਾਰ ਸਿੰਘ ਦੀ ਉਸ ਸਮੇਂ ਕੈਬਨਿਟ ਦੀ ਮੀਟਿੰਗ ਵਿੱਚ ਹਾਜ਼ਰੀ ਤੋਂ ਕਈ ਮੰਤਰੀ ਪਰੇਸ਼ਾਨ ਹੋ ਗਏ ਹਨ। ਜਿਹਨਾਂ ਵਿੱਚ ਉਸ ਸਮੇਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਹਨ। ਫਿਰ ਕਰਨ ਅਵਤਾਰ ਸਿੰਘ ਨੇ ਇਹਨਾ ਮੰਤਰੀਆਂ ਤੋਂ ਮੁਆਫ਼ੀ ਵੀ ਮੰਗੀ ਸੀ। 



ਮੰਨਿਆ ਜਾ ਰਿਹਾ ਹੈ ਕਿ ਸੀਨੀਆਰਤਾ ਦੇ ਹਿਸਾਬ ਨਾਲ ਰਵੀ ਭਗਤ ਨੂੰ ਇਹ ਅਹੁਦਾ ਮਿਲ ਸਕਦਾ ਹੈ। ਰਵੀ ਭਗਵ ਪਹਿਲਾਂ ਹੀ  ਮੁੱਖ ਮੰਤਰੀ ਦਫ਼ਤਰ 'ਚ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ।  ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਫ਼ਤਰ 'ਚ ਬਿਠਾਇਆ ਸੀ ਤੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਬਰਕਰਾਰ ਰੱਖਿਆ ਸੀ।ਜੇ ਅੱਜ ਵਿਸ਼ੇਸ਼ ਮੁੱਖ ਸਕੱਤਰ ਦੇ ਅਹੁਦੇ ਲਈ ਹੁਕਮ ਜਾਰੀ ਨਾ ਕੀਤੇ ਗਏ ਤਾਂ ਰਵੀ ਭਗਤ ਹੀ ਕੰਮ ਦੇਖਣਗੇ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਸਭ ਤੋਂ ਸੀਨੀਅਰ ਅਧਿਕਾਰੀ ਹਨ।