ਸ੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਦਾ ਤਿਉਹਾਰ 14 ਤੋਂ 19 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਇਸ ਮੌਕੇ ਇਥੇ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਜਿਨ੍ਹਾਂ ਦੀ ਸਹੂਲਤ ਲਈ ਪ੍ਰਸਾਸ਼ਨ ਵਲੋਂ ਹਰ ਤਰਾਂ ਦੇ ਲੋੜੀਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਹੋਲੇ ਮਹੱਲੇ ਦੇ ਤਿਉਹਾਰ ਸਬੰਧੀ ਪ੍ਰਸਾਸ਼ਨ ਵੱਲੋਂ  ਕੀਤੀਆਂ ਜਾ ਰਹੀਆਂ ਅਗਾਓ ਤਿਆਰੀਆਂ ਬਾਰੇ ਵਿਚਾਰ ਵਟਾਂਦਰਾ ਕਰਨ ਉਪਰੰਤ ਦਿੱਤੀ। ਇਸ ਮੌਕੇ ਐਸ.ਜੀ.ਪੀ.ਸੀ ਮੈਂਬਰ ਅਮਰਜੀਤ ਸਿੰਘ ਚਾਵਲਾ, ਵਧੀਕ ਮੈਨੇਜਰ ਹਰਦੇਵ ਸਿੰਘ, ਐਸ.ਪੀ ਕਮ ਮੇਲਾ ਅਫਸਰ ਪੰਜਾਬ ਪੁਲਿਸ ਜਗਦੇਵ ਸਿੰਘ ਜੱਲਾ ਵੀ ਹਾਜ਼ਿਰ ਸਨ। 

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਲਾ ਮਹੱਲਾਂ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸਾਸ਼ਨ ਲੋੜੀਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਮੇਲਾ ਖੇਤਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ ਟ੍ਰੈਫਿਕ ਕੀਤੇ ਗਏ ਹਨ। ਵਾਹਨਾਂ ਦੀ ਪਾਰਕਿੰਗ ਦੀ ਉਚਿਤ ਵਿਵਸਥਾ ਦੇ ਨਾਲ ਪਾਰਕਿੰਗ ਵਾਲੀਆਂ ਥਾਵਾਂ 'ਤੇ ਪੀਣ ਵਾਲਾ ਪਾਣੀ, ਸਫਾਈ, ਰੋਸ਼ਨੀ ਤੇ ਪਖਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰੂਟ ਡਾਈਵਰਜਨ ਕਰਕੇ ਭਾਰੀ ਟਰੈਫਿਕ ਨੂੰ ਮੇਲਾ ਖੇਤਰ ਤੋਂ ਬਾਹਰ ਬਾਹਰ ਜਾਣ ਦੇ ਪ੍ਰਬੰਧ ਕੀਤੇ ਹਨ, ਜਿਸ ਬਾਰੇ ਸਮੁੱਚੀ ਜਾਣਕਾਰੀ ਵੱਡੇ -ਵੱਡੇ ਬੋਰਡ ਲਗਾ ਕੇ ਦਿੱਤੀ ਜਾਵੇਗੀ। 

 

ਉਨ੍ਹਾਂ ਨੇ ਦੱਸਿਆ ਕਿ ਲੰਗਰ ਵਿਚ ਰਸਦ ਨੂੰ ਪਹੁੰਚਾਉਣ ਲਈ ਹਰ ਨਾਕੇ ਉਤੇ ਪੰਜ ਪੰਜ ਛੋਟੇ ਵਾਹਨ ਸਮੇਤ ਲੇਵਰ ਕਰਮਚਾਰੀ 24/7 ਤੈਨਾਤ ਰਹਿਣਗੇ, ਜੋ ਸੰਗਤਾਂ ਵੱਲੋਂ ਲਿਆਂਦੀ ਰਸਦ ਨੂੰ ਢੁਕਵੀ ਥਾਂ 'ਤੇ ਪਹੁੰਚਾਉਣਗੇ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿਚ ਨਿਰਵਿਘਨ ਬਿਜਲੀ ਸਪਲਾਈ, ਪੀਣ ਵਾਲਾ ਸਾਫ ਪਾਣੀ, ਆਰਜ਼ੀ ਪਖਾਨੇ, ਫੋਗਿੰਗ, ਪਾਣੀ ਦਾ ਛਿੜਕਾਓ, ਰੂਟ ਪਲਾਨ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡਿਆਂ ਹੈ। ਹਰ ਸੈਕਟਰ ਵਿਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੈਨਾਤ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਨਗਰ ਕੀਰਤਨ ਅਤੇ ਮਹੱਲਾ ਮੌਕੇ ਸੜਕਾਂ ਉਤੇ ਟਰੈਫਿਕ ਦੇ ਵਿਸ਼ੇਸ ਪ੍ਰਬੰਧ ਹੋਣਗੇ। ਪੁਲਿਸ ਵਿਭਾਗ ਦੇ ਲਗਭਗ 4500 ਕਰਮਚਾਰੀ ਡਿਊਟੀ 'ਤੇ ਤੈਨਾਂਤ ਰਹਿਣਗੇ, ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਹਰ ਸਮੇਂ ਪੂਰਾ ਸਹਿਯੋਗ ਦੇਵੇਗਾ। 


ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਦੱਸਿਆ ਕਿ ਸਮੁੱਚੇ ਵਿਸ਼ਵ ਦੀ ਸੰਗਤ ਲੱਖਾਂ ਦੀ ਗਿਣਤੀ ਵਿਚ ਇਸ ਤਿਉਹਾਰ ਮੌਕੇ ਇੱਥੇ ਪੁੱਜਦੀ ਹੈ। ਉਨ੍ਹਾ ਨੇ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ/ਡਿਸਪੋਜਲ ਦੀ ਵਰਤੋਂ ਨਾ ਕਰਨ, ਇਸ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਵੱਧ ਜਾਂਦਾ ਹੈ। ਹੋਲਾ ਮਹੱਲਾ ਮੌਕੇ ਆਉਣ ਵਾਲੀ ਸੰਗਤ ਨੂੰ ਮੇਲਾ ਖੇਤਰ ਵਿਚ ਟਰੈਕਟਰ, ਟਰਾਲੀਆ ਉਤੇ ਵੱਡੇ ਵੱਡੇ ਸਪੀਕਰ ਨਾ ਲਗਾਉਣ ਅਤੇ ਮੋਟਰਸਾਈਕਲ ਦੇ ਸਾਈਲੈਸਰ ਉਤਾਰ ਕੇ ਮੇਲਾ ਖੇਤਰ ਵਿਚ ਨਾ ਆਉਣ ਦੀ ਵੀ ਅਪੀਲ ਕੀਤੀ ਹੈ। ਇਸ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾ ਨੇ ਡਿਪਟੀ ਕਮਿਸ਼ਨਰ ਨੂੰ ਹੋਲਾ ਮਹੱਲਾਂ ਦੌਰਾਨ ਪ੍ਰਸਾਸ਼ਨ ਵੱਲੋਂ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਸਬੰਧੀ ਸੁਝਾਅ ਵੀ ਦਿੱਤੇ, ਜਿਨ੍ਹਾਂ ਨੂੰ ਡਿਪਟੀ ਕਮਿਸ਼ਨਰ ਨੇ ਤੁਰੰਤ ਪ੍ਰਵਾਨ ਕੀਤਾ।