ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਰਾਲੀ ਸਾੜਨ ਖਿਲਾਫ ਐਕਸ਼ਨ ਲਈ ਤਿਆਰੀ ਖਿੱਚ ਲਈ ਹੈ। ਪਿਛਲੀ ਵਾਰ ਕਿਸਾਨ ਅੰਦੋਲਨ ਕਰਕੇ ਪੰਜਾਬ ਸਰਕਾਰ ਚਾਹੁੰਦੇ ਹੋਏ ਵੀ ਪਰਾਲੀ ਸਾੜਨ ਖਿਲਾਫ ਕਾਰਵਾਈ ਨਹੀਂ ਕਰ ਸਕੀ ਸੀ ਪਰ ਇਸ ਵਾਲ ਸਰਕਾਰ ਨੇ ਹੁਣ ਤੋਂ ਹੀ ਬੰਦੋਬਸਤ ਕਰਨੇ ਸ਼ੁਰੂ ਕਰ ਦਿੱਤੇ ਹਨ।


ਮੁੱਖ ਸਕੱਤਰ ਵਿਨੀ ਮਹਾਜਨ ਨੇ ਸੂਬੇ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਲਈ ਅਗਾਊਂ ਪ੍ਰਬੰਧਾਂ ਤਹਿਤ ‘ਰੈਡ ਕੈਟਾਗਰੀ’ ਵਾਲੇ 10 ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕਰਨ ਤੇ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਪਿੰਡ, ਕਲੱਸਟਰ, ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੀ ਹਦਾਇਤ ਕੀਤੀ ਹੈ।


ਮੁੱਖ ਸਕੱਤਰ ਨੇ ਪਸ਼ੂ ਪਾਲਣ ਵਿਭਾਗ ਨੂੰ ਗਊਸ਼ਾਲਾਵਾਂ ਵਿੱਚ ਰੱਖੇ ਪਸ਼ੂਆਂ ਲਈ ਝੋਨੇ ਦੀ ਪਰਾਲੀ ਨੂੰ ਚਾਰੇ ਵਜੋਂ ਵਰਤਣ ਦੇ ਢੰਗ ਵੀ ਤਲਾਸ਼ਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਕ ਮੋਬਾਈਲ ਐਪ ਤਿਆਰ ਕਰਵਾਈ ਗਈ ਹੈ, ਜਿਸ ਵਿੱਚ ਮੁਕੰਮਲ ਰਿਪੋਰਟਿੰਗ ਤੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀ ਹਰੇਕ ਘਟਨਾ ’ਤੇ ਕੀਤੀ ਗਈ ਕਾਰਵਾਈ ਦਰਜ ਕਰਨ ਲਈ ਵੱਖ-ਵੱਖ ਅਧਿਕਾਰੀਆਂ ਨੂੰ ਭੂਮਿਕਾ ਆਧਾਰਤ ਲਾਗਇਨ ਦਿੱਤੇ ਜਾਣਗੇ।


ਉਨ੍ਹਾਂ ਦੱਸਿਆ ਕਿ ‘ਰੈੱਡ ਕੈਟਾਗਰੀ’ ਵਾਲੇ ਜ਼ਿਲ੍ਹਿਆਂ ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਮੋਗਾ, ਮੁਕਤਸਰ, ਪਟਿਆਲਾ, ਮਾਨਸਾ, ਤਰਨ ਤਾਰਨ, ਬਰਨਾਲਾ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਟਾਸਕ ਫੋਰਸ ਤਾਇਨਾਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਚਾਲੂ ਸੀਜ਼ਨ ਲਈ ਪਿੰਡ ਪੱਧਰ ’ਤੇ ਅੱਠ ਹਜ਼ਾਰ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਹਨ। ਇਸ ਦੌਰਾਨ ਅਧਿਕਾਰੀਆਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 97.5 ਮੈਗਾਵਾਟ ਸਮਰੱਥਾ ਵਾਲੇ 11 ਬਾਇਓਮਾਸ ਪਾਵਰ ਪ੍ਰਾਜੈਕਟ ਪਹਿਲਾਂ ਹੀ ਚਾਲੂ ਕੀਤੇ ਜਾ ਚੁੱਕੇ ਹਨ।  


ਇਹ ਵੀ ਪੜ੍ਹੋਬਟਾਲਾ ਪਹੁੰਚੇ ਪ੍ਰਤਾਪ ਬਾਜਵਾ ਨੇ ਕੀਤੀ ਲੋਕਾਂ ਨਾਲ ਮੀਟਿੰਗ, ਕੇਂਦਰ 'ਤੇ ਸਾਧੇ ਨਿਸ਼ਾਨੇ









ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904