ਚੰਡੀਗੜ੍ਹ: ਮਾਝੇ ਦੇ ਤਿੰਨ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ 86 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਤਰਨਤਾਰਨ ਤੋਂ 63, ਅੰਮ੍ਰਿਤਸਰ ਤੋਂ 12 ਅਤੇ ਬਟਾਲਾ ਤੋਂ 11 ਲੋਕਾਂ ਦੀ ਮੌਤ ਦੀ ਖ਼ਬਰ ਹੈ। ਇਹ ਮੌਤਾਂ ਦਾ ਸਿਲਸਿਲਾ 29 ਜੁਲਾਈ ਤੋਂ ਸ਼ਰੂ ਹੋਇਆ ਅਤੇ 1 ਅਗਸਤ ਤੱਕ 86 ਲੋਕਾਂ ਦੀ ਜਾਨ ਚਲੀ ਗਈ।



ਇਸ ਮਾਮਲੇ ਤੇ ਐਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਐਕਸਾਈਜ਼ ਅਤੇ ਗ੍ਰਹਿ ਮੰਤਰਾਲਾ ਸੰਭਾਲਦੇ ਹਨ ਨੇ 7 ਐਕਸਾਈਜ਼ ਵਿਭਾਗ ਦੇ ਅਫਸਰਾਂ ਅਤੇ 6 ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ।ਜਿਸ 'ਚ ਦੋ ਡੀਐਸਪੀ ਵੀ ਸ਼ਾਮਲ ਹਨ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕਈ ਥਾਂ ਛਾਪੇਮਾਰੀ ਕਰਕੇ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਿਸ 'ਚ ਇੱਕ ਮਹਿਲਾ, ਟਰਾਂਸਪੋਟਰ ਅਤੇ ਢਾਬਾ ਮਾਲਕ ਸ਼ਾਮਲ ਹਨ।



ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਸਪਿਰਟ ਲੈ ਜਾ ਰਹੇ ਟੱਰਕ 6-7 ਢਾਬਿਆਂ ਤੇ ਰੁੱਕੇ ਅਤੇ ਢਾਬਾ ਮਾਲਕਾ ਨੇ ਉਨ੍ਹਾਂ ਪਾਸੋਂ ਸਪਿਰਟ ਲੈ ਕਿ ਰਾਜਪੁਰਾ ਦੇ ਭਿੰਦਾ ਅਤੇ ਬਨੂੜ ਦੇ ਬਿੱਟੂ ਨੂੰ ਵੇਚ ਦਿੱਤੀ।ਉਨ੍ਹਾਂ ਬਾਅਦ 'ਚ ਇਹ ਸਪਿਰਟ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕੇ 'ਚ ਸਪਲਾਈ ਕਰ ਦਿੱਤੀ।



ਪੁਲਿਸ ਨੇ ਛਾਪੇਮਾਰੀ ਦੌਰਾਨ ਕਈ ਢਾਬੇ ਸੀਲ ਵੀ ਕੀਤੇ ਹਨ।ਜਿਨ੍ਹਾਂ 'ਚ ਜ਼ਿਲਮੀ ਢਾਬਾ, ਗ੍ਰੀਨ ਢਾਬਾ ਅਤੇ ਸ਼ਿੰਦਾ ਢਾਬਾ ਸ਼ਾਮਲ ਹਨ।ਇਹ ਢਾਬੇ ਪਟਿਆਲਾ, ਰਾਜਪੁਰਾ ਅਤੇ ਸ਼ੰਬੂ ਇਲਾਕੇ ਦੇ ਆਸ ਪਾਸ ਸਥਿਤ ਹਨ।ਜ਼ਿਲਮੀ ਢਾਬੇ ਦੇ ਮੈਨੇਜਰ ਨਰਿੰਦਰ ਨੂੰ 200 ਲੀਟਰ ਲਾਹਣ ਨਾਲ ਕਾਬੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਢਾਬਾ ਮਾਲਕ ਹਰਜੀਤ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।ਪੁਲਿਸ ਨੇ ਛਾਪੇਮਾਰੀ ਦੌਰਾਨ 750 ਲੀਟਰ ਲਾਹਣ ਵੀ ਬਰਾਮਦ ਕੀਤੀ ਹੈ।