Punjab News: ਖਾਲਸਾ ਪੰਥ ਦੀ ਜਨਮ ਭੂਮੀ ਅਤੇ ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰੇਆਮ ਵਿਕ ਰਹੇ ਸਿਗਰਟ, ਬੀੜੀ, ਤੰਬਾਕੂ, ਜ਼ਰਦਾ ਆਦਿ ਨਸ਼ਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਹੰਗ ਜੱਥੇਬੰਦੀ ‘ਰੱਖਵਾਰੇ ਗੁਰੂ ਕੇ ਪਿਆਰੇ’ ਦੇ ਸਿੰਘਾਂ ਨੇ ਇਸਦੇ ਖਿਲਾਫ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰ ਇਨ੍ਹਾਂ ਨਸ਼ਿਆ ਨੂੰ ਬੰਦ ਕਰਨ ਦੀ ਪਹਿਲ ਕੀਤੀ ਹੈ।


ਸ਼ੋਸ਼ਲ ਮੀਡੀਆ 'ਤੇ ਪਾਈ ਵੀਡੀਓ 'ਚ ਸਿੰਘਾਂ ਨੇ ਇਹ ਨਸ਼ੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਹੈ, ਨਾਲ ਹੀ ਸਥਾਨਕ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਇਕ ਹਫਤੇ 'ਚ ਨਸ਼ੇ 'ਤੇ ਰੋਕ ਨਾ ਲਗਾਈ ਗਈ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇ। ਨਿਹੰਗ ਜੱਥੇਬੰਦੀ ਦੇ ਸਿੰਘਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਨਸ਼ਾ ਰੋਕਣ ਲਈ ਮੁਹਿੰਮ ਚਲਾਉਣ ਵਾਲੇ ਸਮਾਜ ਸੇਵੀ ਭਗਵੰਤ ਸਿੰਘ ਮਟੌਰ ਦੀ ਵੀ ਸ਼ਲਾਘਾ ਕੀਤੀ।


ਪ੍ਰਧਾਨ ਸੁਨੀਲ ਅਡਵਾਲ ਨੇ ਖੁਦ ਗਰੋਹ ਵੱਲੋਂ ਦਿੱਤੇ ਅਲਟੀਮੇਟਮ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰੂ ਨਗਰੀ ਦੀ ਇਤਿਹਾਸਕ ਮਹੱਤਤਾ ਨੂੰ ਦੇਖਦੇ ਹੋਏ ਇਨ੍ਹਾਂ ਨਸ਼ੇ ਵੇਚਣ ਵਾਲਿਆਂ ਨੂੰ ਇਨ੍ਹਾਂ ਨਸ਼ੇ ਦੀ ਵਿਕਰੀ ਬੰਦ ਕਰਨ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਗੁਰੂ ਨਗਰੀ ਵਿੱਚ ਵਿਕ ਰਹੇ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਲੈ ਕੇ ਕਈ ਵਾਰ ਚਿੰਤਾ ਪ੍ਰਗਟਾਈ ਹੈ ਅਤੇ ਸਥਾਨਕ ਪ੍ਰਸ਼ਾਸਨ ਤੋਂ ਇਸ ਨੂੰ ਰੋਕਣ ਦੀ ਮੰਗ ਕੀਤੀ ਹੈ।