ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਵਿਆਹ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਦੀ ਚੈਕਿੰਗ ਕੀਤੀ ਗਈ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ,ਸ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਪਰ ਮੁੱਖ ਮੰਤਰੀ ਦੇ ਵਿਆਹ ਮੌਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਨਿਰਾਦਰ,ਬੇਅਦਬੀ ਅਤੇ ਅਪਮਾਨ ਹੋਇਆ ਹੈ। ਇਹ ਸਭ ਇੱਕ ਸਿੱਖ ਵਾਸਤੇ ਬਰਦਾਸ਼ਤ ਤੋਂ ਬਾਹਰ ਹੈ।


ਉਨ੍ਹਾਂ  ਕਿਹਾ ਕਿ ਅੱਜ ਮੁੱਖ ਮੰਤਰੀ ਨਿਵਾਸ ਦੇ ਗੇਟ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਤਲਾਸ਼ੀ ਇਸ ਤਰ੍ਹਾਂ ਲਈ ਗਈ ਜਿਵੇਂ ਕੋਈ ਆਮ ਫਰਿਆਦੀ ਆਪਣੀ ਅਰਜੀ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸਾਮਣੇ ਪੇਸ਼ ਹੋਣ ਵਾਸਤੇ ਆਇਆ ਹੋਵੇ। ਪੁਲਿਸ ਵੱਲੋਂ ਨਿਰਾਦਰ ਭਰੇ ਤਰੀਕੇ ਨਾਲ ਜੁੱਤੀਆਂ(ਬੂਟ)ਪਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੀ ਤਲਾਸ਼ੀ ਲਈ ਗਈ। ਪਾਲਕੀ ਸਾਹਿਬ ਨੂੰ ਸਧਾਰਣ ਵਿਅਕਤੀ ਵਾਂਗ ਕਾਫੀ ਸਮਾਂ ਗੇਟ 'ਤੇ ਰੋਕੀ ਰੱਖਿਆ ਗਿਆ। 


 

ਵਲਟੋਹਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਦਾ ਪਰਿਵਾਰ ਸਮੁੱਚੀ ਸੀ.ਐਮ ਸਕਿਉਰਟੀ ਦੇ ਨਾਲ ਜੁੱਤੀਆਂ(ਬੂਟ)ਉਤਾਰਕੇ,ਸਿਰ ਢੱਕ ਕੇ ਹੱਥਾਂ 'ਚ ਫੁੱਲ ਲੈਕੇ ਗੇਟ ਖੋਲਕੇ ਗੇਟ 'ਤੇ ਖੜੋਤੇ ਹੁੰਦੇ ਪਰ ਦੁੱਖ ਹੈ ਕਿ ਅਜਿਹਾ ਨਹੀਂ ਹੋਇਆ। ਸਗੋਂ ਅਜਿਹਾ ਕੀਤਾ ਗਿਆ ਜਿਵੇਂ ਮੁੱਖ ਮੰਤਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਹੋਵੇ। ਪਤਾ ਨਹੀਂ ਉਹ ਪੰਥਕ ਅੱਜ ਕਿਉਂ ਨਹੀਂ ਬੋਲੇ ,ਜਿੰਨਾਂ ਦਾ ਆਮ ਹੀ ਹਿਰਦਾ ਵਲੂੰਧਰਿਆ ਜਾਂਦਾ ਹੈ। ਕੀ ਇਸ ਬੇਅਦਬੀ ਲਈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਕਾਰਵਾਈ ਕਰਨਗੇ.......?

 

 ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਦੂਜੀ ਵਾਰ ਲਾੜਾ ਬਣ ਗਏ ਹਨ। ਉਨ੍ਹਾਂ ਨੇ ਡਾ.ਗੁਰਪ੍ਰੀਤ ਕੌਰ ਦੇ ਨਾਲ ਸੀਐਮ ਨਿਵਾਸ ਫੇਰੇ ਲਏ। ਅਰਵਿੰਦ ਕੇਜਰੀਵਾਲ ਨੇ ਪਿਤਾ ਅਤੇ ਰਾਘਵ ਚੱਢਾ ਨੇ ਭਰਾ ਵਾਲੀਆਂ ਰਸਮਾਂ ਨਿਭਾਈਆਂ ਹਨ। ਮਾਨ ਅਤੇ ਗੁਰਪ੍ਰੀਤ ਦੇ ਪਰਿਵਾਰ ਤੋਂ ਇਲਾਵਾ ਕੇਜਰੀਵਾਲ ਦਾ  ਪਰਿਵਾਰ ਵੀ ਵਿਆਹ ਵਿੱਚ ਸ਼ਾਮਿਲ ਹੋਇਆ।