ਸ਼ੰਕਰ ਦਾਸ ਦੀ ਰਿਪੋਰਟ


Phagwara News : ਪੰਜਾਬ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ , ਜੋ ਚਿੰਤਾ ਦਾ ਵਿਸ਼ਾ ਹਨ। ਇਸ ਦੌਰਾਨ ਫਗਵਾੜਾ ਸ਼ਹਿਰ ਵਿਚ ਇਕ ਵਾਰ ਫ਼ਿਰ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਫਗਵਾੜਾ ਦੇ ਵਰਿੰਦਰ ਪਾਰਕ ਨਜ਼ਦੀਕ ਬਣੇ ਕੂੜੇ ਦੇ ਡੰਪ ਕੋਲ ਸ੍ਰੀ ਗੁਟਕਾ ਸਾਹਿਬ ਦੇ ਅੰਗ ਮਿਲੇ ਹਨ। 


 

ਸ੍ਰੀ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸਿੱਖ ਸੰਗਤਾਂ ਘਟਨਾ ਸਥਾਨ 'ਤੇ ਪਹੁੰਚੀਆਂ ਹਨ। ਇਸ ਦੌਰਾਨ ਸਿੱਖ ਸੰਗਤਾਂ ਨੇ ਦੱਸਿਆ ਕਿ ਸ਼ਹਿਰ ਦੇ ਵਰਿੰਦਰ ਪਾਰਕ ਨਜ਼ਦੀਕ ਕੂੜੇ ਦੇ ਡੰਪ ਕੋਲ ਸ੍ਰੀ ਗੁਟਕਾ ਸਾਹਿਬ ਦੇ ਅੰਗ ਖ਼ਿਲਰੇ ਹੋਣ ਦੀ ਸੂਚਨਾ ਉਨ੍ਹਾਂ ਨੂੰ ਦੁਕਾਨਦਾਰ ਵਲੋਂ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀਆਂ ਸਿੱਖ ਸੰਗਤਾਂ ਵਲੋਂ ਗੁਟਕਾ ਸਾਹਿਬ ਜੀ ਦੇ ਖ਼ਿਲਰੇ ਅੰਗਾਂ ਨੂੰ ਮਰਿਆਦਾ ਅਨੁਸਾਰ ਚੁੱਕ ਕੇ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਲਿਆਂਦਾ ਗਿਆ। 



 


ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਪੀ. ਫਗਵਾੜਾ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਪੁਲਿਸ ਨੇ ਇਸ ਘਟਨਾ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਕਈ ਮਹੀਨੇ ਪਹਿਲਾਂ ਵੀ ਫਗਵਾੜਾ ਵਿਖੇ ਵਾਪਰੀ ਬੇਅਦਬੀ ਦੀ ਘਟਨਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਫੜਣ ਵਿੱਚ ਅਸਫਲ ਸਾਬਤ ਹੋਈ ਹੈ। ਫਗਵਾੜਾ ਵਿਖੇ ਇਕ ਹੋਰ ਵਾਪਰੀ ਬੇਅਦਬੀ ਦੀ ਘਟਨਾ ਨੇ ਫਗਵਾੜਾ ਪੁਲਸ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। 

 


 



ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਮੋਹਕਮ ਸਿੰਘ ਨੇ ਦੱਸਿਆ ਕਿ ਇਸ ਘਟਨਾ ਨਾਲ ਸਮੂਹ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ ਹਨ।  ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਘਰ ਵਿੱਚ ਕੋਈ ਬਿਰਧ ਸਰੂਪ ਪਏ ਹਨ ਤਾਂ ਉਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੁੂੰ ਸੂਚਿਤ ਕਰ ਦੇਣ ਤਾਂ ਕਮੇਟੀ ਆਦਰ ਸਹਿਤ ਬਿਰਧ ਹੋਏ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਜਾਏਗੀ।