Sri Muktsar Sahib News : ਅੱਜ ਦੂਜੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਫਲੈਗ ਮਾਰਚ ਕੱਢਿਆ ਗਿਆ ਹੈ। ਮੁਕਤਸਰ ਦੇ ਬਾਜ਼ਾਰਾਂ ਵਿੱਚੋਂ ਲੰਘਦਾ ਹੋਇਆ ਇਹ ਫਲੈਗ ਮਾਰਚ ਮੁਕਤਸਰ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਵੀ ਪੁੱਜਿਆ ਤਾਂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਮੁਕਤਸਰ ਦੇ ਹਰ ਕੋਨੇ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਸ ਦੀ ਜਾਣਕਾਰੀ ਐੱਸਐੱਸਪੀ ਮੁਕਤਸਰ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਧਾਰਾ 144 ਲਗਾਈ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ 'ਚ ਲਗਾਈ ਧਾਰਾ 144 , 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਰੋਕ
ਪੰਜਾਬ ਪੁਲਿਸ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਪਹੁੰਚੀ ਹੈ। ਪੁਲਿਸ ਇਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈਕਿ ਇਕ ਚਾਰਟਡ ਪਲੈਨ ਰਾਹੀਂ ਪੰਜਾਬ ਪੁਲਿਸ ਲੈ ਕੇ ਉਥੇ ਪਹੁੰਚੀ। ਚਾਰੇ ਜਾਣਿਆਂ ਨੂੰ ਉਥੋਂ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਓਧਰ ਪੁਲਿਸ ਨੇ ਹੁਣ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਇਸ ਸੂਬਾ ਪੱਧਰੀ ਕਾਰਵਾਈ ਦੌਰਾਨ ਹੁਣ ਤੱਕ 9 ਹਥਿਆਰ, ਜਿਨ੍ਹਾਂ ਵਿੱਚ ਇੱਕ .315 ਬੋਰ ਦੀ ਰਾਈਫਲ, 12 ਬੋਰ ਦੀਆਂ ਸੱਤ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜਿੰਦਾ ਕਾਰਤੂਸ ਸ਼ਾਮਲ ਹਨ।
ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ। ਹੈ। ਇਨ੍ਹਾਂ ਵਿਚੋਂ 4 ਸਾਥੀਆਂ ਨੂੰ ਅਸਾਨ ਲਿਜਾਇਆ ਗਿਆ ਹੈ। ਸੂਤਰਾਂ ਅਨੁਸਾਰ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਵੀ ਸ਼ਾਮਿਲ ਹੈ।
ਦੱਸ ਦੇਈਏ ਕਿ ਖਾਲਿਸਤਾਨ ਸਮਰਥਕ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਸ਼ਨੀਵਾਰ ਨੂੰ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ। ਬੀਤੇ ਕੱਲ੍ਹ ਸਰਕਾਰ ਵੱਲੋਂ ਅੱਜ ਐਤਵਾਰ ਦੁਪਹਿਰ 12 ਵਜੇ ਤੱਕ ਬੰਦ ਕੀਤਾ ਗਿਆ ਸੀ। ਹੁਣ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ। ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਹੁਣ 20 ਮਾਰਚ ਸੋਮਵਾਰ 12 ਵਜੇ ਤੱਕ ਬੰਦ ਰਹਿਣਗੀਆਂ।