ਰਵੀ ਇੰਦਰ ਸਿੰਘ
ਚੰਡੀਗੜ੍ਹ: ਆਪਣੀ ਈਨ ਮਨਵਾਉਣ ਤੇ ਠੇਕਾ ਆਧਾਰਤ ਪ੍ਰਣਾਲੀ ਤਹਿਤ ਭਰਤੀ ਹੋਏ ਅਧਿਆਪਕਾਂ ਨੂੰ ਪੱਕੀ ਨੌਕਰੀ ਦੇਣ ਲਈ ਸਰਕਾਰ ਨੇ ਨਵੀਂ ਜੁਗਤ ਲੱਭੀ ਹੈ। ਹੁਣ ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਘੱਟ ਤਨਖ਼ਾਹ 'ਤੇ ਪੱਕੀ ਨੌਕਰੀ ਹਾਸਲ ਕਰਨ ਲਈ ਅੰਤਮ ਤਾਰੀਖ਼ ਤੈਅ ਕਰ ਦਿੱਤੀ ਹੈ।
ਸਰਵ ਸਿੱਖਿਆ ਅਭਿਆਨ (ਐਸਐਸਏ) ਤੇ ਰਾਸ਼ਟ੍ਰੀਆ ਮਾਧਿਅਮਿਕ ਸਿਕਸ਼ਾ ਅਭਿਆਨ (ਰਮਸਾ) ਸਕੀਮਾਂ ਤਹਿਤ ਭਰਤੀ ਹੋਏ ਤੇ 40-40 ਹਜ਼ਾਰ ਤਨਖ਼ਾਹਾਂ ਲੈ ਰਹੇ ਕੱਚੇ ਅਧਿਆਪਕਾਂ ਨੂੰ 15,300 ਰੁਪਏ 'ਤੇ ਪੱਕੇ ਹੋਣ ਲਈ ਸਿਰਫ਼ ਹਫ਼ਤੇ ਦਾ ਸਮਾਂ ਦਿੱਤਾ ਹੈ, ਜਿਸ ਵਿੱਚ ਪੰਜ ਦਿਨ ਬਾਕੀ ਬਚੇ ਹਨ। ਆਨਲਾਈਨ ਪੋਰਟਲ 'ਤੇ ਪੱਕੀ ਨੌਕਰੀ ਲਈ ਆਪਣੀ ਹੁਣ ਕੱਚੇ ਅਧਿਆਪਕਾਂ ਕੋਲ ਸਰਕਾਰ ਨੂੰ ਆਪਣੇ ਹੱਥ ਵੱਢ ਕੇ ਦੇਣ ਲਈ 30 ਨਵੰਬਰ ਤਕ ਦਾ ਸਮਾਂ ਬਚਿਆ ਹੈ।
ਇਹ ਵੀ ਪੜ੍ਹੋ: ਤਨਖਾਹ ਕਟੌਤੀ ਖਿਲਾਫ ਅਧਿਆਪਕ ਲਿਆਉਣਗੇ ਸਰਕਾਰ ਦੇ ਨੱਕ 'ਚ ਦਮ
ਬੀਤੀ ਨੌਂ ਅਕਤੂਬਰ ਨੂੰ ਸਿੱਖਿਆ ਵਿਭਾਗ ਨੇ ਪੱਕੀਆਂ ਨੌਕਰੀਆਂ ਲੈਣ ਲਈ ਇਹ 15 ਦਿਨਾਂ ਲਈ ਇਹ ਪੋਰਟਲ ਖੋਲ੍ਹਿਆ ਸੀ ਤੇ ਫਿਰ ਇੱਕ ਹਫ਼ਤੇ ਦੇ ਵਕਫ਼ੇ ਤੋਂ ਬਾਅਦ ਬੰਦ ਹੋਣ ਦੀ ਮਿਤੀ ਨੂੰ 18 ਨਵੰਬਰ ਤਕ ਵਧਾ ਦਿੱਤਾ ਗਿਆ ਸੀ। ਹੁਣ ਸਰਕਾਰ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹੋਏ ਅਧਿਆਪਕਾਂ ਲਈ ਬੀਤੇ ਸ਼ਨੀਵਾਰ ਤੋਂ ਇਹ ਪੋਰਟਲ ਖੋਲ੍ਹਿਆ ਗਿਆ ਹੈ ਜੋ 30 ਤਾਰੀਖ਼ ਤਕ ਜਾਰੀ ਰਹੇਗਾ। ਸਰਕਾਰ ਦਾ ਐਲਾਨ ਹੈ ਕਿ ਇਸ ਤੋਂ ਬਾਅਦ ਈਨ ਨਾ ਮੰਨਣ ਵਾਲੇ ਭਾਵ ਘੱਟ ਤਨਖ਼ਾਹ ਨਾ ਮਨਜ਼ੂਰ ਕਰਨ ਵਾਲੇ ਅਧਿਆਪਕਾਂ ਲਈ ਮੌਜੂਦਾ ਠੇਕਾ ਆਧਾਰਤ ਪ੍ਰਣਾਲੀ ਤਹਿਤ ਹੀ ਕੰਮ ਕਰਨਾ ਪਵੇਗਾ।
ਸਬੰਧਤ ਖ਼ਬਰ: ਸਿੱਖਿਆ ਮੰਤਰੀ ਸੋਨੀ ਦਾ ਫਿਰ ਦਾਅਵਾ, ਅਧਿਆਪਕ ਤਨਖਾਹ ਕਟੌਤੀ ਲਈ ਰਾਜ਼ੀ!
ਸਿੱਖਿਆ ਵਿਭਾਗ ਮੁਤਾਬਕ 8,886 ਐਸਐਸਏ-ਰਮਸਾ ਅਧਿਆਪਕਾਂ ਵਿੱਚੋਂ ਚਾਰ ਹਜ਼ਾਰ ਤੋਂ ਵੱਧ ਜਣੇ ਪੱਕੀ ਨੌਕਰੀ ਲਈ ਹਾਂ ਕਰ ਚੁੱਕੇ ਹਨ ਤੇ ਬਾਕੀ ਵੀ ਤਿਆਰ ਹਨ। ਹਾਲਾਂਕਿ, ਅਧਿਆਪਕ ਯੂਨੀਅਨਾਂ ਮੁਤਾਬਕ ਸਰਕਾਰ ਦੇ ਇਹ ਦਾਅਵੇ ਖੋਖਲੇ ਹਨ ਤੇ ਅਸਲ ਵਿੱਚ ਇੰਨੇ ਅਧਿਆਪਕਾਂ ਨੇ ਸਰਕਾਰ ਦੀ ਸ਼ਰਤ ਨਹੀਂ ਮੰਨੀ। ਸਰਕਾਰ ਇਨ੍ਹਾਂ ਨੂੰ ਇਸੇ ਸਾਲ ਪਹਿਲੀ ਅਪਰੈਲ ਤੋਂ ਪੱਕਾ ਕਰੇਗੀ ਪਰ ਇਨ੍ਹਾਂ ਨੂੰ ਪੂਰੇ ਭੱਤੇ ਤੇ ਬਣਦੀ ਤਨਖ਼ਾਹ ਤਿੰਨ ਸਾਲਾਂ ਬਾਅਦ ਹੀ ਮਿਲਣ ਲੱਗੇਗੀ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦੇ ਫੈਸਲੇ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਅਧਿਆਪਕ
ਕੇਂਦਰ ਤੇ ਸੂਬਾ ਸਰਕਾਰਾਂ ਦੀ ਵਿੱਤੀ ਸਹਾਇਤਾ ਨਾਲ ਚੱਲ ਰਹੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਕੇਂਦਰ ਦੀ ਘਟਦੀ ਤੇ ਸੂਬਾ ਸਰਕਾਰ ਦੀ ਹਿੱਸੇਦਾਰੀ ਕਾਰਨ ਅਧਿਆਪਕਾਂ ਤੇ ਐਸਐਸਏ-ਰਮਸਾ ਪ੍ਰਾਜੈਕਟਾਂ ਦੀ ਥਾਂ ਹੋਰ ਨਵੇਂ ਸਿੱਖਿਆ ਪ੍ਰਾਜੈਕਟਾਂ ਕਾਰਨ ਅਧਿਆਪਕਾਂ ਦੇ ਮਨਾਂ ਵਿੱਚ ਤੌਖ਼ਲੇ ਹਨ। ਉੱਪਰੋਂ, ਰਿਕਾਰਡਤੋੜ ਇਕੱਠ ਕਰ ਧਰਨੇ ਦੇਣ ਅਤੇ ਮਰਨ ਵਰਤ ਅਸਫ਼ਲ ਹੋਣ ਤੋਂ ਬਾਅਦ ਅਤੇ ਵਿਭਾਗ ਦੀਆਂ ਅਨੁਸ਼ਾਸਨੀ ਕਾਰਵਾਈਆਂ, ਬੇਵਜ੍ਹਾ ਮੁਅੱਤਲੀਆਂ ਤੇ ਬਦਲੀਆਂ ਕਾਰਨ ਇਨ੍ਹਾਂ ਅਧਿਆਪਕ ਦੇ ਸੰਘਰਸ਼ਸ਼ੀਲ ਕਦਮ ਡੋਲ ਗਏ ਹਨ। ਅਧਿਆਪਕ ਵੱਖ-ਵੱਖ ਮਜਬੂਰੀਆਂ ਕਰਕੇ ਸਰਕਾਰ ਦੀ ਘੱਟ ਤਨਖ਼ਾਹ ਦੀ ਪੇਸ਼ਕਸ਼ ਨੂੰ ਮੰਨ ਰਹੇ ਹਨ। ਹੁਣ ਸਰਕਾਰ ਨੇ ਇਸੇ ਗੱਲ ਦਾ ਲਾਹਾ ਲੈਣ ਲਈ ਉਨ੍ਹਾਂ ਦੀ ਗਰਦਨ 'ਤੇ ਤਲਵਾਰ ਲਟਕਾ ਦਿੱਤੀ ਹੈ।
ਸਬੰਧਤ ਖ਼ਬਰ: ਠੇਕੇ 'ਤੇ ਭਰਤੀ ਅਧਿਆਪਕ ਮੰਤਰੀਆਂ ਨੂੰ ਸੌਂਪਣ ਪੁੱਜੇ ਆਪਣੇ ਬੱਚੇ