ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਨੂੰ ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਕਰਾਰ ਦਿੰਦਿਆਂ ਇਸ ਘਟਨਾ ਦੇ ਵਿਸਤ੍ਰਿਤ ਪਹਿਲੂਆਂ ਤੇ ਪਿਛੋਕੜ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਾਰੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਦੁਨੀਆ ਸਾਹਮਣੇ ਸਿੱਖ ਕੌਮ ਦਾ ਸਹੀ ਪੱਖ ਪੇਸ਼ ਕੀਤਾ ਜਾ ਸਕੇ। ਇਸ ਦੇ ਨਾਲ ਉਨ੍ਹਾਂ ਸਰਕਾਰ ਤੇ ਪੁਲਿਸ ਨੂੰ ਵੀ ਕਿਹਾ ਕਿ ਸਿੰਘੂ ਬਾਰਡਰ ਘਟਨਾ ਦੀ ਧਾਰਮਿਕ ਸੰਵੇਦਨਸ਼ੀਲਤਾ ਤੇ ਭਾਵਨਾਤਮਕ ਗੰਭੀਰਤਾ ਨੂੰ ਵੇਖਦਿਆਂ ਇਸ ਨੂੰ ਸਿਰਫ ਅਮਨ ਤੇ ਕਾਨੂੰਨ ਦੇ ਮਸਲੇ ਵਜੋਂ ਨਾ ਲਿਆ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਰੀ ਲਿਖਤੀ ਬਿਆਨ ਵਿਚ ਆਖਿਆ ਕਿ ਸਿੰਘੂ ਬਾਰਡਰ ਵਿਖੇ 15 ਅਕਤੂਬਰ ਨੂੰ ਤੜਕੇ ਵਾਪਰੀ ਘਟਨਾ ਦੇ ਪਿਛੋਕੜ ਵਿਚ ਪਿਛਲੇ ਪੰਜ-ਛੇ ਸਾਲਾਂ ਦੌਰਾਨ ਪੰਜਾਬ ਵਿਚ 400 ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਚੁੱਕੀਆਂ ਘਟਨਾਵਾਂ ਹਨ ਜਿਨ੍ਹਾਂ ਵਿਚ ਕਾਨੂੰਨ ਕਿਸੇ ਇਕ ਵੀ ਦੋਸ਼ੀ ਨੂੰ ਅਜਿਹੀ ਮਿਸਾਲੀ ਸਜ਼ਾ ਨਹੀਂ ਦੇ ਸਕਿਆ। ਜੋ ਸਿੱਖਾਂ ਦੇ ਜ਼ਖ਼ਮਾਂ ‘ਤੇ ਮਰਹੱਮ ਲਗਾਉਣ ਦਾ ਕੰਮ ਕਰਦੀ।
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਕਹਿ ਕੇ ਪੂਰੀ ਸਾਜ਼ਿਸ਼ ਨੂੰ ਨੰਗਾ ਕਰਨ ਤੋਂ ਕਾਨੂੰਨ ਵਿਵਸਥਾ ਅਸਮਰੱਥਾ ਜਤਾਉਂਦੀ ਆ ਰਹੀ ਹੈ, ਉਸ ਨਾਲ ਸਿੱਖਾਂ ਦੀ ਕਾਨੂੰਨ ਪ੍ਰਤੀ ਭਰੋਸੇ ਦੀ ਭਾਵਨਾ ਨੂੰ ਭਾਰੀ ਠੇਸ ਪਹੁੰਚੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸੰਯੁਕਤ ਰਾਸ਼ਟਰ ਸੰਘ ਵਲੋਂ ਬਣਾਏ ਮਨੁੱਖੀ ਹੱਕਾਂ ਦੇ ਆਲਮੀ ਐਲਾਨਨਾਮੇ ਦੀ ਮੁੱਢਲੀ ਭੂਮਿਕਾ ਵਿਚ ਵੀ ਲਿਖਿਆ ਹੈ ਕਿ , ‘ਕੋਈ ਵੀ ਮਨੁੱਖ ਹਿੰਸਕ ਰਸਤੇ ‘ਤੇ ਤਦ ਹੀ ਤੁਰਦਾ ਹੈ, ਜੇਕਰ ਕਾਨੂੰਨ ਦਾ ਰਾਜ ਉਸ ਦੇ ਮਨੁੱਖੀ ਹੱਕਾਂ ਨੂੰ ਸੁਰੱਖਿਅਤ ਰੱਖਣ ‘ਚ ਅਸਫਲ ਹੋ ਜਾਂਦਾ ਹੈ।’ ਇਸ ਤਰ੍ਹਾਂ ਪਿਛਲੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸਿੱਖਾਂ ਲਈ ਅਸਹਿਣਯੋਗ ਘਟਨਾਵਾਂ ਦੇ ਮਾਮਲੇ ਵਿਚ ਸਿੱਖਾਂ ਨੂੰ ਇਨਸਾਫ਼ ਦੇਣ ‘ਚ ਭਾਰਤੀ ਨਿਆਂਪਾਲਿਕਾ ਦੀ ਅਸਫਲਤਾ ਵਿਚੋਂ ਹੀ ਸਿੰਘੂ ਬਾਰਡਰ ਦੀ ਘਟਨਾ ਦਾ ਜਨਮ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਨਿਰਪੱਖ ਏਜੰਸੀ ਕੋਲੋਂ ਸਿੰਘੂ ਬਾਰਡਰ ਦੀ ਘਟਨਾ ਦੇ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਘਟਨਾ ਦੇ ਪਿਛੋਕੜ ਨਾਲ ਜੁੜੀ ਸਾਰੀ ਸੱਚਾਈ ਸੰਗਤ ਵਿਚ ਲਿਆਂਦੀ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਤੇ ਇਸ ਦੇ ਪਿੱਛੇ ਕੰਮ ਕਰਦੀਆਂ ਤਾਕਤਾਂ ਦੇ ਮਕਸਦ ਨੂੰ ਬੇਪਰਦ ਕੀਤਾ ਜਾ ਸਕੇ।
ਸਿੰਘੂ ਬਾਰਡਰ ਕਤਲ ਮਾਮਲੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ
abp sanjha
Updated at:
17 Oct 2021 01:20 PM (IST)
* ਕਾਨੂੰਨ ਦੇ ਰਾਜ ਦੀ ਅਸਫਲਤਾ ਦਾ ਸਿੱਟਾ ਹੈ ਸਿੰਘੂ ਬਾਰਡਰ ਘਟਨਾ: ਗਿਆਨੀ ਹਰਪ੍ਰੀਤ ਸਿੰਘ
* ਘਟਨਾ ਦੀ ਵਿਸਤ੍ਰਿਤ ਜਾਂਚ ਕਰਕੇ ਸਾਰੇ ਪੱਖ ਸਾਹਮਣੇ ਲਿਆਉਣੇ ਜ਼ਰੂਰੀ: ਗਿਆਨੀ ਹਰਪ੍ਰੀਤ ਸਿੰਘ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
NEXT
PREV
Published at:
17 Oct 2021 01:20 PM (IST)
- - - - - - - - - Advertisement - - - - - - - - -