Punjab News: ਪਟਨਾ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਲਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਸ਼ਾਪਿੰਗ ਮਾਲ ਅਡਾਨੀ ਗਰੁੱਪ ਦਾ ਹੈ। ਸਿੱਖ ਧਰਮ ਨਾਲ ਜੁੜੇ ਆਗੂਆਂ ਨੇ ਇਸ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸਿੱਖ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਤਾਂ ਫਿਰ ਗੁਰੂ ਸਾਹਿਬ ਦੀ ਮੂਰਤੀ ਕਿਸ ਹੈਸੀਅਤ ਵਿੱਚ ਮਾਲ ਵਿੱਚ ਸਥਾਪਤ ਕੀਤੀ ਗਈ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲ ਦੇ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਿੱਖ ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਿੱਖ ਧਰਮ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਸਾਰਾ ਕੰਮ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। 


ਉਧਰ, ਮਾਮਲਾ ਧਿਆਨ ਵਿੱਚ ਆਉਂਦੇ ਹੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਸਿਟੀ ਸੈਂਟਰ ਮਾਲ ਵਿਖੇ ਭੇਜਿਆ। ਉਨ੍ਹਾਂ ਕਿਹਾ ਕਿ ਸਿਟੀ ਸੈਂਟਰ ਮਾਲ, ਪਟਨਾ ਦੇ ਵੈਕਸ ਮਿਊਜ਼ੀਅਮ ਵਿੱਚ ਬਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੋਮ ਦੇ ਬੁੱਤ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 


ਮੀਤ ਪ੍ਰਧਾਨ ਗੁਰਵਿੰਦਰ ਸਿੰਘ ਨੇ ਉੱਥੇ ਸਿਟੀ ਸੈਂਟਰ ਮਾਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੂੰ ਵੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਘਟਨਾ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਉੱਥੇ ਮੌਜੂਦ ਮਾਲ ਪ੍ਰਬੰਧਕਾਂ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਕਰਨਗੇ ਜਿਸ ਨਾਲ ਕਿਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।



ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਮਰਿਆਦਾ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਆਫ਼ੀ ਮੰਗਣੀ ਚਾਹੀਦੀ ਹੈ ਤੇ ਮੂਰਤੀ ਹਟਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰਮਾਤਮਾ ਦੇ ਨਿਰਾਕਾਰ ਰੂਪ ਬਾਰੇ ਦੱਸਦੇ ਹਨ। ਇਸੇ ਕਰਕੇ ਸਿੱਖ ਪਰੰਪਰਾ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ।


 






ਦੱਸ ਦਈਏ ਕਿ ਪਟਨਾ ਵਿੱਚ ਜਿਸ ਮਾਲ ਵਿੱਚ ਗੁਰੂ ਸਾਹਿਬ ਦੀ ਮੂਰਤੀ ਲਗਾਉਣ ਦਾ ਵਿਰੋਧ ਹੋ ਰਿਹਾ ਹੈ, ਉਹ ਕਾਰੋਬਾਰੀ ਗੌਤਮ ਅਡਾਨੀ ਦਾ ਹੈ। ਪਟਨਾ ਵਿੱਚ ਅੰਬੂਜਾ ਨਾਮ ਦੀ ਅੰਡਾਨੀ ਦੀ ਕੰਪਨੀ ਨੇ ਸ਼ਾਪਿੰਗ ਮਾਲ ਬਣਾਏ ਹਨ ਜਿਸ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ।