ਬਠਿੰਡਾ: ਇੱਥੇ ਅੱਜ ਐਸਟੀਐਫ ਮੁਖੀ ਤੇ ਦੋ ਜ਼ਿਲ੍ਹਿਆਂ ਮੁਖੀਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ‘ਚ ਬੀਤੇ ਦਿਨੀਂ ਮੁਕਤਸਰ ਦੇ ਪਿੰਡ ਕੋਟਲੀ ਅਬਲੂ ਵਿਖੇ ਨਸ਼ਾ ਰੋਕੂ ਨਿਗਰਾਨ ਕਮੇਟੀ ਦੇ ਮੈਂਬਰ ਸਤਨਾਮ ਸਿੰਘ ਉਰਫ ਬਾਬਾ ‘ਤੇ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ ਗਈ। ਸਤਨਾਮ ‘ਤੇ ਕੁਝ ਲੋਕਾਂ ਵਾਲੋਂ ਗੋਲ਼ੀਆਂ ਚਲਾਇਆਂ ਗਈਆਂ ਜਿਸ ‘ਚ ਉਹ ਜ਼ਖ਼ਮੀ ਹੋ ਗਿਆ ਸੀ। ਸਤਨਾਮ ਸਿੰਘ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਲਈ ਜਾਣੇ ਜਾਂਦੇ ਹਨ।

ਜ਼ਿਲ੍ਹਾ ਮੁਖੀਆਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ‘ਚ ਦੱਸਿਆ ਗਿਆ ਕਿ ਗੋਲ਼ੀ ਨਾਲ ਜ਼ਖ਼ਮੀ ਹੋਏ ਸਤਨਾਮ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾਏਗਾ। ਇਸ ਦੇ ਨਾਲ ਹੀ ਉਸ ਨੂੰ ਸਰਕਾਰੀ ਨੌਕਰੀ ਦੇਣ ਲਈ ਵੀ ਸਰਕਾਰ ਅੱਗੇ ਮੰਗ ਕੀਤੀ ਜਾਵੇਗੀ। ਦੱਸ ਦਈਏ ਸਤਨਾਮ ‘ਤੇ ਹਮਲਾ ਕਰਨ ਵਾਲੇ ਹਮਲਾਵਰ ਹਾਲੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਇੱਕ ਘੰਟਾ ਚੱਲੀ ਇਸ ਪ੍ਰੈਸ ਕਾਨਫਰੰਸ ‘ਚ ਐਸਟੀਐਫ ਮੁਖੀ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਵਿਭਾਗ ਨਸ਼ਾ ਰੋਕੂ ਕਮੇਟੀ ਬਣਾ ਰਹੇ ਨੌਜਵਾਨਾਂ ਦੇ ਨਾਲ ਖੜ੍ਹੇ ਹਨ ਤੇ ਜਲਦੀ ਹੀ ਉਹ ਹਮਲਾਵਰਾਂ ਨੂੰ ਫੜ੍ਹ ਲੈਣਗੇ।