Rajjit Singh Hundal : ਨਸ਼ਾ ਤਸਕਰੀ ਮਾਮਲੇ 'ਚ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਦੀਆਂ ਮੁਸ਼ਕਲਾਂ ਮੁੜ ਵੱਧ ਸਕਦੀਆਂ ਹਨ। ਸਪੈਸ਼ਲ ਟਾਸਕ ਫੋਰਸ ਨੇ ਬੀਤੇ ਦਿਨ ਰਾਜਜੀਤ ਸਿੰਘ ਨੂੰ ਤਲਬ ਕੀਤਾ ਸੀ ਪਰ ਉਹ STF ਸਾਹਮਣੇ ਪੇਸ਼ ਨਹੀਂ ਹੋਇਆ। ਰਾਜਜੀਤ ਨੂੰ ਮੁੜ ਰੂਪੋਸ਼ ਹੋਏ ਤਿੰਨ ਦਿਨ ਹੋ ਗਏ ਹਨ। ਹੁਣ ਐੱਸਆਈਟੀ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰਵਾਉਣ ਤੇ ਜਾਂਚ 'ਚ ਸਹਿਯੋਗ ਨਾ ਕਰਨ ਦੀ ਗੱਲ ਨੂੰ ਲੈ ਕੇ ਅਦਾਲਤ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।


ਸੋਮਵਾਰ ਨੂੰ ਜਾਂਚ ਟੀਮ ਵੱਲੋਂ ਰਾਜਜੀਤ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸੰਮਨ ਕੱਢਿਆ ਗਿਆ ਕਿ ਉਹ ਜਾਂਚ ਟੀਮ ਸਾਹਮਣੇ ਪੇਸ਼ ਹੋਣ। ਧਿਆਨ ਰਹੇ ਕਿ ਰਾਜਜੀਤ ਬੀਤੇ ਸ਼ੁੱਕਰਵਾਰ ਨੂੰ ਉਦੋਂ ਸਭ ਦੇ ਸਾਹਮਣੇ ਆਇਆ ਜਦੋਂ ਉਸ 'ਤੇ ਦਰਜ ਤਿੰਨ ਕੇਸਾਂ 'ਚ ਉਸ ਨੂੰ ਰਾਹਤ ਮਿਲ ਗਈ। ਪਰ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਾਜਜੀਤ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ। ਜਾਂਚ ਟੀਮ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰਾਜਜੀਤ ਮੁੜ ਰੂਪੋਸ਼ ਹੋ ਗਿਆ। ਮੁਲਜ਼ਮ ਦੀ ਤਲਾਸ਼ 'ਚ ਹੁਣ ਵਿਜੀਲੈਂਸ ਛਾਪੇਮਾਰੀ ਕਰ ਰਹੀ ਹੈ ਤੇ ਜ਼ਮਾਨਤ ਰੱਦ ਕਰਵਾਉਣ ਦੇ ਯਤਨ ਵੀ
ਕੀਤੇ ਜਾ ਰਹੇ ਹਨ।


20 ਅਕਤੂਬਰ ਨੂੰ ਹਾਈ ਕੋਰਟ ਨੇ ਰਾਜਜੀਤ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕੇਟ ਦੀ ਐਸ.ਆਈ.ਟੀ ਵੱਲੋਂ ਸੌਂਪੀ ਗਈ ਜਾਂਚ ਰਿਪੋਰਟ ਵਿੱਚ ਉਸ ਦਾ ਨਾਂ ਸਾਹਮਣੇ ਆਇਆ ਸੀ। ਕਈ ਬੈਂਕ ਖਾਤਿਆਂ ਵਿੱਚ ਉਸਦੀ ਜਾਇਦਾਦ ਉਸਦੀ ਆਮਦਨ ਦੇ ਅਨੁਪਾਤ ਤੋਂ ਵੱਧ ਪਾਈ ਗਈ ਸੀ।



ਜੇਕਰ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਗ੍ਰਹਿ ਸਕੱਤਰ ਨੇ ਰਾਜਜੀਤ ਹੁੰਦਲ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ ਤਾਂ ਇਸ ਨੂੰ ਗਲਤ ਨਹੀਂ ਕਿਹਾ ਜਾ ਸਕਦਾ। 2016 ਤੋਂ 2022 ਦਰਮਿਆਨ ਉਸ ਦੀ ਦੌਲਤ ਵਿੱਚ ਵਾਧਾ ਹੋਇਆ ਹੈ, ਜਿਸ ਬਾਰੇ ਪੁੱਛ-ਪੜਤਾਲ ਕਰਨ ਦੀ ਲੋੜ ਹੈ।


ਇਸ ਲਈ ਸਾਰੇ ਤੱਥਾਂ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਰਾਜਜੀਤ ਹੁੰਦਲ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰਾਜਜੀਤ ਖ਼ਿਲਾਫ਼ 20 ਅਪ੍ਰੈਲ ਨੂੰ FIR ਦਰਜ ਕੀਤੀ ਸੀ। ਹਾਈ ਕੋਰਟ ਨੇ ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਉਸ ਨੂੰ ਇਸ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਦਿੱਤੀ ਸੀ ਪਰ ਹੁਣ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।